ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਮਈ
ਸਿੱਧੂ ਮੂਸੇਵਾਲਾ, ਜਿਸ ਦਾ ਅਸਲ ਨਾਂ ਸ਼ੁਭਦੀਪ ਸਿੰਘ ਸਿੱਧੂ ਸੀ, ਅਕਸਰ ਆਪਣੇ ਗੀਤਾਂ ’ਚ ਭੜਕਾਊ ਸ਼ਬਦਾਂ ਦੀ ਵਰਤੋਂ ਕਾਰਨ ਵਿਵਾਦਾਂ ’ਚ ਹੀ ਘਿਰਿਆ ਰਿਹਾ। ਉਸ ਦੇ ਆਲੋਚਕਾਂ ਨੇ ਕਦੇ ਵੀ ਉਸ ਦੇ ਗੀਤਾਂ ’ਚ ਮੀਨ-ਮੇਖ ਕੱਢਣ ਦਾ ਮੌਕਾ ਨਹੀਂ ਖੁੰਝਾਇਆ। ਹਾਲਾਂਕਿ, ਉਹਦੇ ਪ੍ਰਸ਼ੰਸਕਾਂ ਦੀ ਗਿਣਤੀ ਕਦੇ ਵੀ ਘੱਟ ਨਹੀਂ ਹੋਈ। ਇਸ ਦੀ ਤਾਜ਼ਾ ਮਿਸਾਲ ਉਸ ਦਾ ਗੀਤ ‘ਸਕੇਪਗੋਟ’ ਸੀ, ਜਿਸ ਮਗਰੋਂ ਉਹ ਮਾਨਸਾ ਹਲਕੇ ਤੋਂ 63,000 ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਿਆ ਸੀ। ਉਸ ਨੇ ਕਾਰਕੁਨ ਪਰਮਜੀਤ ਕੌਰ ਖਾਲੜਾ ਵਰਗੇ ਉਮੀਦਵਾਰਾਂ ਨੂੰ ਹਰਾਉਣ ਲਈ ਵੋਟਰਾਂ ’ਤੇ ਪੰਜਾਬੀਆਂ ਨੂੰ ਹਰਾਉਣ ਦਾ ਦੋਸ਼ ਲਾਇਆ। ਆਮ ਆਦਮੀ ਪਾਰਟੀ ਨੇ ਉਸ ਵੱਲੋਂ ਵੋਟਰਾਂ ਨੂੰ ‘ਗੱਦਾਰ’ ਆਖੇ ਜਾਣ ’ਤੇ ਕਾਫ਼ੀ ਤਿੱਖਾ ਪ੍ਰਤੀਕਰਮ ਦਿੱਤਾ ਸੀ। ਸਾਲ 2018 ਵਿੱਚ ਆਪਣੀ ਪਹਿਲੀ ਐਲਬਮ ‘ਨਿੰਜਾ’ ਰਿਲੀਜ਼ ਕਰਨ ਤੋਂ ਬਾਅਦ ਆਪਣੇ ਥੋੜ੍ਹੇ ਸਮੇਂ ਦੀ ਕਰੀਅਰ ’ਚ ਮੂਸੇਵਾਲਾ ਆਪਣੇ ਗੀਤਾਂ ਰਾਹੀਂ ਹਿੰਸਾ ਤੇ ਹਥਿਆਰ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਕਰਕੇ ਸੁਰਖ਼ੀਆਂ ’ਚ ਰਿਹਾ, ਹਾਲਾਂਕਿ, ਉਸ ਨੇ ਆਪਣੀਆਂ ਵੀਡੀਓਜ਼ ’ਚ ਹਮੇਸ਼ਾ ਕਿਸੇ ਵੀ ਤਰ੍ਹਾਂ ਦੇ ਹਥਿਆਰ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਤੋਂ ਇਨਕਾਰ ਕੀਤਾ।
ਇੱਕ ਸੇਵਾਮੁਕਤ ਮੁਲਾਜ਼ਮ ਦੇ ਪੁੱਤਰ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਬਹੁਤ ਵੱਡੀ ਰਹੀ, ਜਿਨ੍ਹਾਂ ’ਚ ਖ਼ਾਸ ਤੌਰ ’ਤੇ ਨੌਜਵਾਨ ਸ਼ਾਮਲ ਹਨ। ‘ਸਕੇਪਗੋਟ’ ਨੂੰ ਯੂ-ਟਿਊਬ’ਤੇ 2.2 ਮਿਲੀਅਨ ਤੋਂ ਵੱਧ ਸਬਸਕ੍ਰਾਈਬਰਾਂ ਨੇ ਦੇਖਿਆ। ਉਸ ਦੇ ਆਪਣੇ ਚੈਨਲ ’ਤੇ ਉਸ ਦੇ 1 ਕਰੋੜ ਤੋਂ ਵੱਧ ਸਬਸਕ੍ਰਾਈਬਰਜ਼ ਸਨ। ਆਪਣੇ ਗੀਤ ‘ਸੰਜੂ’ ਵਿੱਚ ਉਸ ਨੇ ਆਪਣੀ ਤੁਲਨਾ ਏਕੇ 47 ਚਲਾਉਂਦੇ ਸੰਜੈ ਦੱਤ ਨਾਲ ਕੀਤੀ ਸੀ, ਜਿਸ ਨੂੰ ਆਲੋਚਕਾਂ ਨੇ ਭਾਵੇਂ ਪਸੰਦ ਨਾ ਕੀਤਾ, ਪਰ ਇਹ ਨੌਜਵਾਨਾਂ ’ਚ ਕਾਫ਼ੀ ਮਕਬੂਲ ਹੋਇਆ। ਇਸ ਦੌਰਾਨ, ਜੁਲਾਈ 2020 ਵਿੱਚ ਪੁਲੀਸ ਨੇ ਉਸ ਖ਼ਿਲਾਫ਼ ‘ਸੰਜੂ’ ਗੀਤ ਦੇ ਮਾਮਲੇ ’ਚ ਕੇਸ ਦਰਜ ਕਰ ਲਿਆ ਸੀ। ਉਸ ’ਤੇ ਇਸ ਗੀਤ ਰਾਹੀਂ ਹਿੰਸਾ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਗਾਇਕ ਸਿੱਧੂ ਮੂਸੇਵਾਲਾ ’ਤੇ ਇੱਕ ਵਾਰ ਬੰਦੂਕ ਸੱਭਿਆਚਾਰ ਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਹੇਠ ਕੇਸ ਦਰਜ ਹੋ ਚੁੱਕਿਆ ਸੀ। ਸਾਲ 2019 ਵਿੱਚ ਉਸ ਦਾ ਗੀਤ ‘ਜੱਟੀ ਜਿਊਣੇ ਮੌੜ ਦੀ ਬੰਦੂਕ ਵਰਗੀ’ ਉਸ ਵੇਲੇ ਵਿਵਾਦਾਂ ’ਚ ਘਿਰ ਗਿਆ ਸੀ ਜਦੋਂ ਇਸ ਵਿੱਚ ਕਥਿਤ ਤੌਰ ’ਤੇ ਮਾਈ ਭਾਗੋ ਨੂੰ ਮਾੜੀ ਰੌਸ਼ਨੀ ਵਿੱਚ ਦਿਖਾਇਆ ਗਿਆ ਸੀ, ਜਿਸ ਲਈ ਸਿੱਧੂ ਨੇ ਮੁਆਫ਼ੀ ਵੀ ਮੰਗੀ ਸੀ। ਕੋਵਿਡ- 19 ਮਹਾਮਾਰੀ ਦੌਰਾਨ ਗਾਇਕ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਵਿੱਚ ਉਹ ਇੱਕ ਫਾਇਰਿੰਗ ਰੇਂਜ ’ਚ ਏਕੇ-47 ਰਾਈਫਲ ’ਚੋਂ ਗੋਲੀਆਂ ਚਲਾਉਂਦਾ ਨਜ਼ਰ ਆਇਆ ਸੀ ਜਿਸ ਨਾਲ ਕੁਝ ਪੁਲੀਸ ਅਧਿਕਾਰੀ ਵੀ ਸਨ। ਉਸ ਖ਼ਿਲਾਫ਼ ਬਾਅਦ ਵਿੱਚ ਅਸਲਾ ਐਕਟ ਤਹਿਤ ਕੇਸ ਵੀ ਦਰਜ ਹੋਇਆ ਸੀ। ਪਿਛਲੇ ਮਹੀਨੇ ਉਸ ਨੇ ਆਪਣੇ ਗੀਤ ‘ਸਕੇਪਗੋਟ’ ਵਿੱਚ ‘ਆਪ’ ਅਤੇ ਇਸ ਦੇ ਸਮਰਥਕਾਂ ਨੂੰ ਨਿਸ਼ਾਨਾ ਬਣਾਇਆ ਸੀ।