ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਫਰਵਰੀ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦਾ ਹਰ ਵਿਅਕਤੀ ਜਾਣਦਾ ਹੈ ਕਿ ਸਿੱਧੂ ਕਿਸੇ ਦੇ ਦੋਸਤ ਨਹੀਂ ਹਨ। ਉਹ ਹਮੇਸ਼ਾਂ ਸੱਤਾ ਦੇ ਹੱਕ ਵਿੱਚ ਰਹੇ ਹਨ ਅਤੇ ਹਰ ਪਾਰਟੀ ਦੀ ਸੱਤਾ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਰਹੇ ਹਨ। ਸਿੱਧੂ ਕਦੇ ਵੀ ਪੰਜਾਬ ਦੇ ਲੋਕਾਂ ਨਾਲ ਨਹੀਂ ਖੜ੍ਹੇ ਹੋਏ। ਉਨ੍ਹਾਂ ਕਿਹਾ ਕਿ 2004 ਤੋਂ 2016 ਤੱਕ ਨਵਜੋਤ ਸਿੱਧੂ ਭਾਜਪਾ ਦੇ ਆਗੂ ਸਨ ਅਤੇ ਪੰਜਾਬ ਵਿੱਚ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਸੀ। ਉਸ ਤੋਂ ਬਾਅਦ 2017 ਤੋਂ ਬਾਅਦ ਉਹ ਕਾਂਗਰਸ ਦੇ ਵਿਧਾਇਕ ਹਨ ਅਤੇ ਕੈਪਟਨ ਸਰਕਾਰ ਵਿੱਚ ਮੰਤਰੀ ਬਣੇ। 15 ਸਾਲ ਸੱਤਾ ਵਿੱਚ ਰਹਿ ਕੇ ਵੀ ਉਨ੍ਹਾਂ ਪੰਜਾਬ ਲਈ ਕੁਝ ਨਹੀਂ ਕੀਤਾ।