ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਅਗਸਤ
ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਸ਼ਾਮਲਾਟ ਜ਼ਮੀਨ ਅਲਾਟ ਕਰਨ ਦੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ। ਇੱਕ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਸਿਹਤ ਮੰਤਰੀ ਦੇ ਟਰੱਸਟ ਦੇ ਨਾਂ ’ਤੇ 100 ਕਰੋੜ ਰੁਪਏ ਦੀ ਬੇਸ਼ਕੀਮਤੀ ਜ਼ਮੀਨ ਹੜੱਪ ਲਈ ਹੈ। ਮਜੀਠੀਆ ਨੇ ਟਰੱਸਟ ਨੂੰ ਜ਼ਮੀਨ ਪਟੇ ’ਤੇ ਦੇਣ ਲਈ ਹੋਇਆ ਕਰਾਰਨਾਮਾ ਰੱਦ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਮੁਹਾਲੀ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਬੇਸ਼ਕੀਮਤੀ ਜ਼ਮੀਨ ਟਰੱਸਟ ਨੂੰ ਅਲਾਟ ਕਰਨ ਦੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਪੰਚਾਇਤ ਵਿਭਾਗ ਨੇ ਬਲਬੀਰ ਸਿੱਧੂ ਦੀ ਅਗਵਾਈ ਵਾਲੀ ਬਾਲ ਗੋਪਾਲ ਗਊ ਬਸੇਰਾ ਸੁਸਾਇਟੀ ਨੂੰ 10.4 ਏਕੜ ਜ਼ਮੀਨ ਦੇਣ ਦੀ ਪ੍ਰਵਾਨਗੀ ਦਿੱਤੀ ਤੇ ਇਸੇ ਥਾਂ ’ਤੇ ਇਕ ਬੈਂਕੁਇਟ ਹਾਲ ਤੇ ਇਕ ਡਾਇਗਨੋਸਟਿਕ ਸੈਂਟਰ ਖੋਲ੍ਹਣ ਦੀ ਪਰਵਾਨਗੀ ਵੀ ਦੇ ਦਿੱਤੀ। ਅਕਾਲੀ ਆਗੂ ਨੇ ਕਿਹਾ ਕਿ ਇਹ ਜ਼ਮੀਨ ਟਰੱਸਟ ਨੂੰ ਉਦੋਂ ਦਿੱਤੀ ਗਈ ਜਦੋਂ ਬਲੌਂਗੀ ਵਿਚ ਦੋ ਪੰਚਾਇਤਾਂ ਹਨ ਤੇ ਹਾਲੇ ਇਹਨਾਂ ਵਿਚਾਲੇ ਅਸਾਸਿਆਂ ਦੀ ਵੰਡ ਹੋਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹੀ ਜ਼ਮੀਨ ਲਘੂ ਉਦਯੋਗ ਵਿਭਾਗ ਕੋਲ ਪਟੇ ’ਤੇ ਸੀ। ਪਿੰਡ ਦੀ ਪੰਚਾਇਤ ਇਹ ਜ਼ਮੀਨ ਕਿਸੇ ਵਪਾਰਕ ਵਰਤੋਂ ਵਾਸਤੇ ਦੇ ਕੇ ਚੰਗਾ ਮੁਨਾਫਾ ਵੀ ਲੈ ਸਕਦੀ ਸੀ।