ਪੱਤਰ ਪ੍ਰੇਰਕ
ਰੂਪਨਗਰ, 15 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਇੱਥੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਪੁਰਾਣੇ ਮੁੱਦੇ ਚੁੱਕ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਨਾ ਕਰਨ। ਉਨ੍ਹਾਂ ਕਿਹਾ ਕਿ ਜੇ ਸਿੱਧੂ ਕਿਸਾਨਾਂ ਦੀ ਮਦਦ ਲਈ ਸੰਜੀਦਾ ਹਨ ਤਾਂ ਉਹ ਆਪਣੀ ਹੀ ਸਰਕਾਰ ਵੱਲੋਂ 2017 ਵਿੱਚ ਸੋਧੇ ਗਏ ਏਪੀਐੱਮਸੀ ਐਕਟ ਰੱਦ ਕਰਵਾਉਣ ਦੀ ਦਲੇਰੀ ਦਿਖਾਉਣ। ਚੀਮਾ ਅਨੁਸਾਰ ਸਿੱਧੂ ਵੱਲੋਂ ਅੱਜ ਕੀਤੀ ਗਈ ਬਿਆਨਬਾਜ਼ੀ ਦਰਸਾਉਂਦੀ ਹੈ ਕਿ ਉਹ ਮੁੱਖ ਮੰਤਰੀ ’ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਜਾਗ ਗਏ ਹਨ ਤੇ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਕਾਰਨ ਪੰਜਾਬ ਵਿੱਚ ਹੋ ਰਹੇ ਨੁਕਸਾਨ ਬਾਰੇ ਦੋ ਦਿਨ ਪਹਿਲਾਂ ਹੀ ਪਤਾ ਲੱਗਾ ਹੈ।