ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਅਕਤੂਬਰ
ਲਖੀਮਪੁਰ ਖੀਰੀ ਹਿੰਸਾ ਖ਼ਿਲਾਫ਼ ਧਰਨਾ ਦੇਣ ਜਾ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਗੱਡੀਆਂ ਦੇ ਕਾਫ਼ਲੇ ਨੂੰ ਅੱਜ ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੇ ਰਾਜਪੁਰਾ ਰੋਡ ਸਥਿਤ ਧਰੇੜੀ ਜੱਟਾਂ ਟੌਲ ਪਲਾਜ਼ਾ ’ਤੇ ਰੋਕ ਲਿਆ। ਕਾਫ਼ਲਾ ਰੋਕਣ ਵਾਲੇ ਕਿਸਾਨਾਂ ਨੇ ਵਿਰੋਧ ਜਤਾਇਆ ਕਿ ਇੱਕ ਪਾਸੇ ਤਾਂ ਪੰੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਨਾਮ ’ਤੇ ਵਾਹ-ਵਾਹ ਖੱਟੀ ਜਾ ਰਹੀ ਹੈ ਤੇ ਦੂਜੇ ਪਾਸੇ ਕੋਆਪਰੇਟਿਵ ਸੁਸਾਇਟੀਆਂ ਵੱਲੋਂ ਉਨ੍ਹਾਂ ਹੀ ਕਿਸਾਨਾਂ ਨੂੰ ਕਰਜ਼ੇ ਭਰਨ ਸਬੰਧੀ ਨੋਟਿਸ ਵੀ ਜਾਰੀ ਕੀਤੇ ਜਾ ਰਹੇ ਹਨ। ਕਿਸਾਨਾਂ ਨੇ ਕਾਂਗਰਸ ਪ੍ਰਧਾਨ ਸਣੇ ਹੋਰਨਾਂ ਸਿਆਸੀ ਆਗੂਆਂ ਨੂੰ ਰੋਕ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਆਗੂਆਂ ’ਤੇ ਕਿਸਾਨਾਂ ਅਤੇ ਕਿਸਾਨ ਸੰਘਰਸ਼ ਦੇ ਨਾਮ ’ਤੇ ਰਾਜਸੀ ਰੋਟੀਆਂ ਸੇਕਣ ਦੇ ਦੋਸ਼ ਵੀ ਲਾਏ। ਨਵਜੋਤ ਸਿੱਧੂ ਦੀਆਂ ਗੱਡੀਆਂ ਦਾ ਕਾਫ਼ਲਾ ਜਦੋਂ ਇਸ ਟੌਲ ਪਲਾਜ਼ੇ ਤੋਂ ਲੰਘਣ ਲੱਗਿਆ ਤਾਂ ਇਥੇ ਪੱਕਾ ਧਰਨਾ ਲਾ ਕੇ ਬੈਠੇ ਕਿਸਾਨਾਂ ਨੇ ਸਿੱਧੂ ਦੀ ਗੱਡੀ ਰੁਕਵਾ ਲਈ। ਕਾਰ ਦੀ ਅਗਲੀ ਸੀਟ ’ਤੇ ਬੈਠੇ ਨਵਜੋਤ ਸਿੱਧੂ ਨਾਲ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਬਲਕਾਰ ਸਿੰਘ ਢੀਂਡਸਾ ਨੇ ਸੰਖੇਪ ਸ਼ਬਦਾਂ ਵਿੱਚ ਗੱਲ ਕਰਦਿਆਂ ਦੱਸਿਆ ਕਿ ਸਰਕਾਰ ਵੱੱਲੋਂ ਕਰਜ਼ਾ ਮੁਆਫ਼ ਕਰਨ ਦੇ ਬਾਵਜੂਦ ਕਿਸਾਨਾਂ ਨੂੰ ਕਰਜ਼ਾ ਭਰਨ ਦੇ ਨੋਟਿਸ ਜਾਰੀ ਹੋ ਰਹੇ ਹਨ। ਉਨ੍ਹਾਂ ਭੇਜੇ ਗਏ ਨੋਟਿਸ ਵੀ ਦਿਖਾਏ, ਜਿਸ ’ਤੇ ਸ੍ਰੀ ਸਿੱਧੂ ਨੇ ਇਸ ਮਾਮਲੇ ਨੂੰ ਘੋਖਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਉਹ ਅਜਿਹਾ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਕੱਲ੍ਹ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਨਗੇ ਤੇ ਨੋਟਿਸ ਜਾਰੀ ਕਰਨ ਦਾ ਕਾਰਨ ਪੁੱਛਣਗੇ।