ਸ਼ਗਨ ਕਟਾਰੀਆ
ਜੈਤੋ, 7 ਅਪਰੈਲ
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਇੱਥੇ ਕੀਤੇ ਗਏ ਦੋ ਰੋਜ਼ਾ ਡੈਲੀਗੇਟ ਇਜਲਾਸ ਦੌਰਾਨ ਅਤੀਤ ਦਾ ਲੇਖਾ-ਜੋਖਾ ਅਤੇ ਭਵਿੱਖੀ ਸਰਗਰਮੀਆਂ ਦੀ ਰੂਪ-ਰੇਖਾ ਐਲਾਨੀ ਗਈ ਹੈ। ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਲਖੀਮਪੁਰ ਖੀਰੀ ’ਚ ਵਾਪਰੀ ਹਿੰਸਕ ਘਟਨਾ ਦੇ ਪੀੜਤਾਂ ਲਈ ਇਨਸਾਫ਼ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੇ ਮੁਲਤਵੀ ਹੋਣ ਤੋਂ ਪਹਿਲਾਂ ਕੀਤੇ ਸਮਝੌਤੇ ਤੋਂ ਮੂੰਹ ਫੇਰਨ ਸਬੰਧੀ ਇਕ ਮਤਾ ਪਾਸ ਕਰਕੇ ਸੰਯੁਕਤ ਕਿਸਾਨ ਮੋਰਚੇ ਨੂੰ ਅਪੀਲ ਕੀਤੀ ਗਈ ਕਿ ਇਸ ਬਾਰੇ ਠੋਸ ਸੰਘਰਸ਼ ਦਾ ਪ੍ਰੋਗਰਾਮ ਦਿੱਤਾ ਜਾਵੇ। ਆਗੂਆਂ ਨੇ ਜਥੇਬੰਦੀ ਵੱਲੋਂ ਪ੍ਰੀਪੇਡ ਬਿਜਲੀ ਮੀਟਰਾਂ ਦਾ ਜਬਰਦਸਤ ਵਿਰੋਧ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਇਨ੍ਹਾਂ ਭਖ਼ਦੇ ਮੁੱਦਿਆਂ ਸਬੰਧੀ ਯੂਨੀਅਨ ਵੱਲੋਂ 10 ਮਈ ਤੋਂ ਚੰਡੀਗੜ੍ਹ ਵਿੱਚ ਵੱਡਾ ਇਕੱਠ ਕਰਕੇ ਪੱਕਾ ਮੋਰਚਾ ਲਾਇਆ ਜਾਵੇਗਾ।