ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਥਾਣਾ ਸਦਰ ਜਗਰਾਉਂ ਦੇ ਪਿੰਡ ਸਿੱਧਵਾਂ ਖੁਰਦ (ਕਾਲਜ ਵਾਲੇ) ਦੇ ਵਸਨੀਕ ਰਣਧੀਰ ਸਿੰਘ ਉਰਫ਼ ਧੀਰਾ (42) ਦਾ ਬੀਤੀ ਰਾਤ ਉਸ ਦੀ ਠੇਕੇ ’ਤੇ ਲਈ ਜ਼ਮੀਨ ਦੀ ਮੋਟਰ ’ਤੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲੀਸ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਰਮਨ ਕੁਮਾਰ ਅਤੇ ਮ੍ਰਿਤਕ ਦੇ ਵੱਡੇ ਭਰਾ ਸਤਪਾਲ ਸਿੰਘ ਨੇ ਦੱਸਿਆ ਕਿ ਰਣਧੀਰ ਸਿੰਘ ਬੀਤੇ ਦਿਨ ਕੁਝ ਅਣਪਛਾਤੇ ਵਿਅਕਤੀਆਂ ਨਾਲ ਘੁੰਮ ਰਿਹਾ ਸੀ। ਦੇਰ ਸ਼ਾਮ ਉਹ ਆਪਣੇ ਪੁੱਤਰ ਨੂੰ ਘਰ ਛੱਡ ਕੇ ਖੇਤ ਚਲਾ ਗਿਆ। ਦੇਰ ਰਾਤ ਮੋਟਰ ’ਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਨੇੜੇ ਰਹਿੰਦੇ ਪਰਵਾਸੀ ਮਜ਼ਦੂਰ ਪੁੱਜੇ ਤਾਂ ਰਣਧੀਰ ਸਿੰਘ ਗੰਭੀਰ ਹਾਲਤ ਵਿੱਚ ਪਿਆ ਸੀ। ਉਨ੍ਹਾਂ ਨੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ, ਜੋ ਉਸ ਨੂੰ ਸਥਾਨਕ ਸਿਵਲ ਹਸਪਤਾਲ ਲੈ ਕੇ ਗਏ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਿੰਡ ਵਾਸੀਆਂ ਅਨੁਸਾਰ ਰਣਧੀਰ ਸਿੰਘ ਠੇਕੇ ’ਤੇ ਕਰੀਬ 17 ਏਕੜ ਦੀ ਵਾਹੀ ਕਰਦਾ ਸੀ। ਪੁਲੀਸ ਟੀਮ ਨੇ ਘਟਨਾ ਸਥਾਨ ਤੋਂ ਚੱਲੇ ਕਾਰਤੂਸਾਂ ਦੇ ਖੋਲ ਕਬਜ਼ੇ ’ਚ ਲੈ ਲਏ ਹਨ। ਪੁਲੀਸ ਨੇ ਆਈ-20 ਹਰਿਆਣਾ ਨੰਬਰ ਦੀ ਕਾਰ ਟਰੇਸ ਕੀਤੀ ਹੈ ਅਤੇ ਪੁੱਛ-ਪੜਤਾਲ ਲਈ ਇੱਕ ਵਿਅਕਤੀ ਨੂੰ ਹਿਰਾਸਤ ’ਚ ਲਿਆ ਹੈ। ਡੀਐੱਸਪੀ ਦਿਲਬਾਗ ਸਿੰਘ ਬਾਠ ਨੇ ਦੱਸਿਆ ਕਿ ਪੁਲੀਸ ਕਈ ਪੱਖਾਂ ਤੋਂ ਜਾਂਚ ਕਰ ਰਹੀ ਹੈ।