ਪਾਲ ਸਿੰਘ ਨੌਲੀ
ਜਲੰਧਰ, 29 ਅਕਤੂਬਰ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਬੀਡੀਪੀਓ ਦਫਤਰ ਮਹਿਤਪੁਰ ਦਾ ਘਿਰਾਓ ਕੀਤਾ ਅਤੇ ਗੇਟ ਅੱਗੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਕੀਤੀ ਰੈਲੀ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਪਿੰਡ ਸਰਦਾਰ ਵਾਲਾ ਲੋਹੀਆਂ ਬਲਾਕ ਵਿੱਚ ਦਲਿਤਾਂ ’ਤੇ ਹੋਏ ਹਮਲੇ ਵਿਰੁੱਧ ਆਪਣਾ ਰੋਸ ਜਤਾਉਂਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਬੇਜ਼ਮੀਨੇ ਲੋਕਾਂ ਦੇ ਰਿਹਾਇਸ਼ੀ ਪਲਾਟਾਂ ਦਾ ਮਾਮਲਾ ਲੰਮੇ ਸਮੇਂ ਤੋਂ ਲਟਕਦਾ ਆ ਰਿਹਾ ਹੈ। ਯੂਨੀਅਨ ਨੇ ਐੱਸਸੀ ਐੱਸਟੀ ਕਮਿਸ਼ਨ ਤੋਂ ਮੰਗ ਕੀਤੀ ਕਿ ਉਨ੍ਹਾਂ ਵੱਲੋਂ ਦਖਲ ਦੇ ਕੇ ਦਲਿਤਾਂ ਨੂੰ ਇਨਸਾਫ ਦੁਆਇਆ ਜਾਵੇ। ਇਸ ਮੌਕੇ ਦੋਸ਼ ਲਾਇਆ ਕਿ ਮਹਿਤਪੁਰ ਦਾ ਬੀਡੀਪੀਓ ਦਫਤਰ ਪੂਰੀ ਤਰ੍ਹਾਂ ਸਿਆਸੀ ਸਰਪ੍ਰਸਤੀ ਹੇਠ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਾ ਹੈ, ਜਿਸ ਕਾਰਨ ਮਨਰੇਗਾ ਹੇਠ ਬੇਰੁਜ਼ਗਾਰਾਂ ਨੂੰ ਨਾ ਤਾਂ ਕੰਮ ਮਿਲ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਦੇ ਜੌਬ ਕਾਰਡ ਬਣਾਏ ਜਾ ਰਹੇ ਹਨ। ਪ੍ਰਦਰਸ਼ਨਕਾਰੀਆਂ ਨੂੰ ਵਿਜੇ ਕੁਮਾਰ ਬਾਠ, ਡੈਨੀਅਲ ਸੰਗੋਵਾਲ, ਸੋਨੀ ਮੰਡਿਆਲਾ, ਪੀਟਰ ਆਦਰਾਮਾਨ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਰਜਿੰਦਰ ਸਿੰਘ ਮੰਡ, ਨੌਜਵਾਨ ਭਾਰਤ ਸਭਾ ਦੇ ਕਸ਼ਮੀਰ ਮੰਡਿਆਲਾ ਅਤੇ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਅਨੀਤਾ ਪੀਟਰ ਸੰਧੂ ਅਤੇ ਸੁਰਜੀਤ ਕੌਰ ਉਧੋਵਾਲ ਨੇ ਸੰਬੋਧਨ ਕੀਤਾ।