ਪੱਤਰ ਪ੍ਰੇਰਕ
ਭੁੱਚੋ ਮੰਡੀ, 29 ਸਤੰਬਰ
ਵਾਲਮਾਰਟ ਕੰਪਨੀ ਵੱਲੋਂ ਬੈਸਟ ਪ੍ਰਾਈਸ ਮਾਲ ਭੁੱਚੋ ਖੁਰਦ ਵਿੱਚੋਂ ਕਥਿਤ ਧੱਕੇਸ਼ਾਹੀ ਨਾਲ ਨੌਕਰੀ ਤੋਂ ਫਾਰਗ ਕੀਤੇ ਗਏ ਮੁਲਾਜ਼ਮਾਂ ਦਾ ਮੋਰਚਾ 31ਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਕੰਪਨੀ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਕਿਹਾ ਕਿ ਭਾਕਿਯੂ ਉਗਰਾਹਾਂ ਦੇ ਭਰਵੇਂ ਸਹਿਯੋਗ ਨਾਲ 30 ਸਤੰਬਰ ਤੋਂ 6 ਅਕਤੂਬਰ ਤੱਕ ਅੰਮ੍ਰਿਤਸਰ, ਜਲੰਧਰ, ਮੁਹਾਲੀ ਤੇ ਲੁਧਿਆਣਾ ਵਿਚਲੇ ਪੰਜੇ ਬੈਸਟ ਪ੍ਰਾਈਸ ਮਾਲਾਂ ਦਾ ਘਿਰਾਓ ਕਰਨਗੇ। ਉਨ੍ਹਾਂ ਦੱਸਿਆ ਕਿ ਜੇ ਸੁਣਵਾਈ ਨਾ ਹੋਈ ਤਾਂ ਘਿਰਾਓ ਅਣਮਿਥੇ ਸਮੇਂ ਲਈ ਵਧਾ ਦਿੱਤਾ ਜਾਵੇਗਾ। ਅੰਮ੍ਰਿਤਸਰ ’ਚ ਜ਼ਿਲ੍ਹਾ ਅੰਮ੍ਰਿਤਸਰ, ਤਰਨ ਤਾਰਨ ਤੇ ਗੁਰਦਾਸਪੁਰ ਦੇ ਕਿਸਾਨ, ਜਲੰਧਰ ’ਚ ਜ਼ਿਲ੍ਹਾ ਜਲੰਧਰ, ਮੋਗਾ ’ਚ ਫਿਰੋਜ਼ਪੁਰ, ਲੁਧਿਆਣਾ ’ਚ ਜ਼ਿਲ੍ਹਾ ਲੁਧਿਆਣਾ, ਬਰਨਾਲਾ ਤੇ ਸੰਗਰੂਰ ਤੇ ਮੁਹਾਲੀ ’ਚ ਜ਼ਿਲ੍ਹਾ ਪਟਿਆਲਾ, ਫ਼ਤਹਿਗੜ੍ਹ ਸਾਹਿਬ ਤੇ ਮਾਨਸਾ ਦੇ ਕਿਸਾਨ ਘਿਰਾਓ ਕਰਨਗੇ।