ਰਮੇਸ਼ ਭਾਰਦਵਾਜ
ਲਹਿਰਾਗਾਗਾ, 21 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਦੀ ਅਗਵਾਈ ’ਚ ਅੱਜ ਪਿੰਡ ਸੇਖੂਵਾਸ, ਸੰਗਤੀਵਾਲਾ, ਨੰਗਲਾਠ ਭਾਈ ਕੀ ਪਿਸ਼ੌਰ, ਘੋੜੋਨਬ , ਰਾਮਗੜ੍ਹ ਸੰਧੂਆਂ ਨੂੰ ਬਿਜਲੀ ਸਪਲਾਈ ਕਰਨ ਵਾਲੇ 66ਕੇਵੀ ਗਰਿੱਡ ਸੇਖੂਵਾਸ ਦਾ ਘੇਰਾਓ ਕੀਤਾ ਗਿਆ। ਆਗੂਆਂ ਨੇ ਇਸ ਮੌਕੇ ਬਿਜਲੀ ਮੁਲਾਜ਼ਮਾਂ ’ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਇਥੋਂ ਦੇ ਉੱਚ ਅਧਿਕਾਰੀਆਂ ਨੇ ਇਸ ਗਰਿਡ ਹੇਠ ਪੈਂਦੀਆਂ ਮੋਟਰਾਂ ਜੋ ਕਿ ਗਰਿਡ ਦੇ ਲੋਡ ਮੁਤਾਬਕ ਜੋੜਨੀਆਂ ਚਾਹੀਦੀਆਂ ਸਨ ’ਤੇ ਅਪਣੀ ਮਨ ਮਰਜ਼ੀ ਮੁਤਾਬਕ ਵੱਧ ਮੋਟਰਾਂ ਦੇ ਵਾਧੂ ਕਨੈਕਸ਼ਨ ਜੋੜੇ ਹੋਏ ਹਨ, ਜਿਸ ਨਾਲ ਮਸ਼ੀਨ ਓਵਰ ਲੋਡ ਹੋ ਜਾਂਦੀ ਹੈ। ਜੋ ਸਰਾਸਰ ਧੱਕਾ ਹੈ । ਉਨ੍ਹਾ ਦੱਸਿਆ ਕਿ ਝੋਨੇ ਦੀ ਲਵਾਈ ਦਾ ਸੀਜ਼ਨ ਜ਼ੋਰਾਂ ’ਤੇ ਹੈ। ਘੱਟ ਬਿਜਲੀ ਆਉਣ ਨਾਲ ਜਾਂ ਕੱਟ ਲੱਗਣ ਕਰਕੇ ਝੋਨਾ ਲਗਾਉਣ ਲਈ ਪਾਣੀ ਦੀ ਘਾਟ ਰਹਿੰਦੀ ਹੈ ।
ਇਸ ਹਾਲਤ ਵਿੱਚ ਕਿਸਾਨ ਨੂੰ ਵਾਰ-ਵਾਰ ਟਰੈਕਟਰ ਰਾਹੀਂ ਮਹਿੰਗਾ ਡੀਜ਼ਲ ਫੂਕਣਾ ਪੈਂਦਾ ਹੈ। ਧਰਨੇ ਨੂੰ ਕਿਸਾਨ ਆਗੂ ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਰਾਮਚੰਦ ਸਿੰਘ ਚੋਟੀਆਂ, ਸ਼ਿਵਰਾਜ ਸਿੰਘ ਗੁਰਨੇ ਕਲਾਂ, ਬਿੰਦਰ ਸਿੰਘ ਖੋਖਰ , ਨਿੱਕਾ ਸਿੰਘ ਸੰਗਤੀਵਾਲਾ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ ਆਦਿ ਨੇ ਸੰਬੋਧਨ ਕੀਤਾ ਅਤੇ ਮੰਗ ਕੀਤੀ ਕਿ ਸਰਕਾਰ ਵਲੋਂ ਕੀਤੇ ਨਿਰਵਿਘਨ ਅੱਠ ਘੰਟੇ ਬਿਜਲੀ ਦੇਣ ਦੇ ਵਾਅਦੇ ਮੁਤਾਬਕ ਮੋਟਰਾਂ ਦੀ ਬਿਜਲੀ ਸਪਲਾਈ ਦਿੱਤੀ ਜਾਵੇ। ਪਾਵਰਕੌਮ ਦੇ ਐਕਸੀਅਨ ਇੰਜ. ਕੁਲਜੀਤ ਸਿੰਘ ਨੇ ਦੱਸਿਆ ਕਿ ਬਿਜਲੀ ਸਪਲਾਈ ਪਾਵਰਕਾਮ ਦਾ ਪ੍ਰਚੇਜ ਕੰਟਰੋਲ ਵਿਭਾਗ ਪਟਿਆਲਾ ਕਰਦਾ ਹੈ ਅਤੇ ਉਨ੍ਹਾਂ ਕਿਸਾਨਾਂ ਨੂੰ ਖੇਤੀ ਲਈ ਅੱਠ ਘੰਟੇ ਨਿਰਵਿਘਣ ਸਪਲਾਈ ਲਈ ਲਿਖਤੀ ਪੱਤਰ ਭੇਜਿਆ ਹੈ।