ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਜੂਨ
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਪਾਕਿਸਤਾਨ ਵਿੱਚ 29 ਜੂਨ ਨੂੰ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਇਕ ਜਥਾ ਅੱਜ ਸਥਾਨਕ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਪਾਕਿਸਤਾਨ ਰਵਾਨਾ ਹੋਇਆ। ਇਸ ਸਮਾਗਮ ਵਾਸਤੇ ਪਾਕਿਸਤਾਨੀ ਸਫ਼ਾਰਤਖਾਨੇ ਵੱਲੋਂ 495 ਯਾਤਰੀਆਂ ਨੂੰ ਵੀਜ਼ੇ ਦਿੱਤੇ ਗਏ ਹਨ। ਰਵਾਨਗੀ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਤੇ ਹੋਰ ਅਧਿਕਾਰੀਆਂ ਨੇ ਜਥੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਪਾਕਿਸਤਾਨ ਗਏ ਇਸ ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਬੂਹ ਕਰ ਰਹੇ ਹਨ, ਜਦਕਿ ਉਨ੍ਹਾਂ ਨਾਲ ਡਿਪਟੀ ਆਗੂ ਵਜੋਂ ਮਿੱਠੂ ਸਿੰਘ ਕਾਹਨੇਕੇ ਸ਼ਾਮਲ ਹਨ। ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ 277 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 266 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਹਨ।
ਸ੍ਰੀ ਬੂਹ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮਾਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸ਼ਰਧਾਲੂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ ਸਾਹਿਬ ਮੰਡੀ ਚੂਹੜਕਾਣਾ ਸ਼ੇਖੂਪੁਰਾ, ਗੁਰਦੁਆਰਾ ਪੰਜਾ ਸਾਹਿਬ ਆਦਿ ਗੁਰ-ਅਸਥਾਨਾਂ ਦੇ ਦਰਸ਼ਨ ਕਰਨਗੇ। ਇਸ ਤੋਂ ਬਾਅਦ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਬੰਧੀ ਸਮਾਗਮ ਵਿਚ ਸ਼ਾਮਲ ਹੋਣ ਮਗਰੋਂ 30 ਜੂਨ ਨੂੰ ਵਤਨ ਪਰਤ ਆਉਣਗੇ। ਜਥਾ ਰਵਾਨਾ ਕਰਨ ਸਮੇਂ ਮੀਤ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਗੁਰਮੀਤ ਸਿੰਘ ਬੁੱਟਰ, ਮਲਕੀਤ ਸਿੰਘ ਸੁਪਰਡੈਂਟ, ਇੰਚਾਰਜ ਯਾਤਰਾ ਬਲਵਿੰਦਰ ਸਿੰਘ ਖੈਰਾਬਾਦ ਤੇ ਹੋਰ ਹਾਜ਼ਰ ਸਨ।