ਮਨੋਜ ਸ਼ਰਮਾ
ਬਠਿੰਡਾ, 29 ਮਈ
ਅਕਾਲੀ ਦਲ ਅੰਮ੍ਰਿਤਸਰ ਅਤੇ ਯੂਨਾਈਟਿਡ ਅਕਾਲੀ ਦਲ ਵੱਲੋਂ ਅੱਜ ਸਾਂਝੇ ਤੌਰ ’ਤੇ ਗੁਰਦੁਆਰਾ ਸਿੰਘ ਸਭਾ ’ਚ ਪ੍ਰੈੱਸ ਕਾਨਫਰੰਸ ਕਰ ਕੇ ਐਲਾਨ ਕੀਤਾ ਗਿਆ ਕਿ ਪਹਿਲੀ ਜੂਨ ਨੂੰ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਬਰਗਾੜੀ ’ਚ ਪਸ਼ਚਾਤਾਪ ਸਮਾਗਮ ਹੋਵੇਗਾ। ਇਸ ਵਿਚ ਪੰਜਾਬ ਦੇ ਮੌਜੂਦਾ ਹਾਲਾਤ ਤੇ ਸਿੱਖ ਕੌਮ ’ਤੇ ਆ ਰਹੀਆਂ ਸਮੱਸਿਆਵਾਂ ਦੇ ਨਾਲ ਬੇਅਦਬੀ ਦੀਆਂ ਵਾਪਰ ਰਹੀਆਂ ਘਟਨਾਵਾਂ ’ਤੇ ਚਰਚਾ ਉਪਰੰਤ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ, ਪਰਮਿੰਦਰ ਸਿੰਘ ਬਾਲਿਆਂਵਾਲੀ, ਗੁਰਸੇਵਕ ਸਿੰਘ ਜਵਾਹਰਕੇ ਅਤੇ ਗੁਰਦੀਪ ਸਿੰਘ ਬਠਿੰਡਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਦਾਲਤ ਵੱਲੋਂ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਰੱਦ ਕਰਨ ਨਾਲ ਸਿੱਖਾਂ ਦਾ ਨਿਆਂ ਪਾਲਿਕਾ ਤੋਂ ਵਿਸ਼ਵਾਸ ਉੱਠ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਰਗਾੜੀ ਮੋਰਚੇ ਨੂੰ ਚੁਕਾਉਣ ਸਮੇਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਅੱਜ ਵੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਅਰਦਾਸ ਦੀ ਬੇਅਦਬੀ ਮਾਮਲੇ ’ਚ ਮੁੱਖ ਸਾਜ਼ਿਸ਼ਕਰਤਾ ਸੁਖਪਾਲ ਸਰਾਂ ’ਤੇ ਪਰਚਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਕਾਹਨਸਿੰਘ ਵਾਲਾ ਨੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਗਰੁੱਪ ਵੱਲੋਂ ਬੁਰਜ ਜਵਾਹਰ ਸਿੰਘ ਵਾਲਾ ਵਿਚ ਬੇਅਦਬੀ ਘਟਨਾਵਾਂ ਪ੍ਰਤੀ ਕੀਤੇ ਜਾ ਰਹੇ ਵੱਖਰੇ ਸਮਾਗਮ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਦੋਸ਼ ਲਾਏ ਕੇ ਆਰਐੱਸਐੱਸ ਤੇ ਭਾਜਪਾ ਸਣੇ ਸ੍ਰੀ ਢੀਂਡਸਾ ਅਤੇ ਸ੍ਰੀ ਬ੍ਰਹਮਪੁਰਾ ਵੀ ਕੌਮ ਦੇ ਦੋਸ਼ੀ ਹਨ। ਇਹ ਆਗੂ ਬੇਅਦਬੀ ਘਟਨਾਵਾਂ ਵੇਲੇ ਬਾਦਲ ਰਾਜ ’ਚ ਕੁਰਸੀ ਦਾ ਆਨੰਦ ਮਾਣ ਰਹੇ ਤੇ ਹੁਣ ਵਿਰੋਧ ਦਾ ਦਿਖਾਵਾ ਕਰ ਰਹੇ ਹਨ।