ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 17 ਸਤੰਬਰ
ਸ਼੍ਰੋਮਣੀ ਕਮੇਟੀ ’ਚ ਸ਼ਾਮਲ ਵਿਰੋਧੀ ਧਿਰ ਦੇ ਮੈਂਬਰਾਂ ਨੇ ਇਕ ਵਾਰ ਮੁੜ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਫੌਜ ਵੱਲੋਂ ਚੁੱਕੇ ਗਏ ਅਣਮੁੱਲੇ ਖਜ਼ਾਨੇ ਦੇ ਮਾਮਲੇ ਨੂੰ ਉਭਾਰਿਆ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕੀਤੀ ਹੈ ਕਿ ਹੱਥ ਲਿਖਤ ਖਰੜੇ, ਪੁਰਾਤਨ ਸੁਨਹਿਰੀ ਪੋਥੀ, ਜਨਮ ਸਾਖੀਆਂ ਅਤੇ ਹੁਕਮਨਾਮਿਆਂ ਦੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਦਰਸ਼ਨ ਕਰਵਾਏ ਜਾਣ ਤਾਂ ਕਿ ਇਸ ਮਾਮਲੇ ’ਚ ਬਣੇ ਹੋਏ ਭੰਬਲਭੂਸੇ ਨੂੰ ਖ਼ਤਮ ਕੀਤਾ ਜਾ ਸਕੇ। ਇਸ ਸਬੰਧੀ ਅੰਤ੍ਰਿੰਗ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ, ਜਸਵੰਤ ਸਿੰਘ ਪੜੈਣ, ਅਮਰੀਕ ਸਿੰਘ ਸ਼ਾਹਪੁਰ ਅਤੇ ਸਰਬੰਸ ਸਿੰਘ ਮਾਨਕੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਆਖਿਆ ਗਿਆ ਹੈ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਪੁਰਾਤਨ ਗ੍ਰੰਥ, ਪੋਥੀਆਂ ਤੇ ਹੋਰ ਦਸਤਾਵੇਜ਼ ਸ਼੍ਰੋਮਣੀ ਕਮੇਟੀ ਕੋਲ ਹਨ। ਉਨ੍ਹਾਂ ਦੱਸਿਆ ਕਿ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੇ ਦੱਸਣ ਮੁਤਾਬਕ ਸ਼੍ਰੋਮਣੀ ਕਮੇਟੀ ਕੋਲ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ 240 ਪਾਵਨ ਹੱਥ ਲਿਖਤ ਬੀੜਾਂ, ਬਾਬਾ ਹਰਦਾਸ ਜੀ ਦੀ ਹੱਥ ਲਿਖੀ ਪੁਰਾਤਨ ਸੁਨਹਿਰੀ ਪੋਥੀ, ਜਨਮ ਸਾਖੀਆਂ ਦੇ ਅਸਲ ਖਰੜੇ, ਅਸਲ ਹੱਥ ਲਿਖਤ 28 ਹੁਕਮਨਾਮੇ, ਦਸਮ ਗ੍ਰੰਥ ਦੇ ਦੋ ਸਰੂਪ ਜਿਨ੍ਹਾਂ ਉਪਰ ਕੁਝ ਗੁਰੂ ਸਾਹਿਬਾਨ ਦੇ ਦਸਤਖਤ ਹੋਏ ਹਨ, ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦਸਤਾਵੇਜ਼ਾਂ ਨੂੰ ਦੇਖਣ ਤੋਂ ਬਾਅਦ ਉਹ ਸੰਗਤ ਨੂੰ ਦੱਸਣਾ ਚਾਹੁੰਦੇ ਹਨ ਕਿ ਇਹ ਅਹਿਮ ਖਜ਼ਾਨਾ ਸ਼੍ਰੋਮਣੀ ਕਮੇਟੀ ਨੇ ਚੰਗੀ ਤਰ੍ਹਾਂ ਸੰਭਾਲਿਆ ਹੋਇਆ ਹੈ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹੈ।