ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 17 ਜਨਵਰੀ
ਇੱਥੇ ਨਾਮਧਾਰੀ ਸ਼ਹੀਦੀ ਸਮਾਰਕ ਵਿੱਚ 66 ਨਾਮਧਾਰੀ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਫੂਡ ਪ੍ਰੋਸੈਸਿੰਗ ਵਿਭਾਗਾਂ ਬਾਰੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮਾਲੇਰਕੋਟਲਾ ਦੇ ਨਵਾਬ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਮਾਰੇ ਗਏ ਹਾਅ ਦੇ ਨਾਅਰੇ ਅਤੇ ਆਜ਼ਾਦੀ ਸੰਘਰਸ਼ ਦੌਰਾਨ 66 ਨਾਮਧਾਰੀ ਸਿੰਘ ਮਾਲੇਰਕੋਟਲਾ ਵਿੱਚ ਸ਼ਹੀਦ ਹੋਣ ਕਾਰਨ ਸਿੱਖ ਕੌਮ ਇਸ ਧਰਤੀ ਦਾ ਕਰਜ਼ ਕਦੇ ਵੀ ਨਹੀਂ ਉਤਾਰ ਸਕਦੀ। ਉਨ੍ਹਾਂ ਕਿਹਾ ਕਿ ਸਤਿਗੁਰੂ ਰਾਮ ਸਿੰਘ ਨੇ ਸਿੱਖ ਗੁਰੂਆਂ ਵੱਲੋਂ ਬੇਇਨਸਾਫ਼ੀ ਖ਼ਿਲਾਫ਼ ਲੜਨ ਦੇ ਦਰਸਾਏ ਰਸਤੇ ’ਤੇ ਚੱਲਦਿਆਂ ਅੰਗਰੇਜ਼ ਸ਼ਾਸਕਾਂ ਅਤੇ ਉਨ੍ਹਾਂ ਵੱਲੋਂ ਦਿੱਤੀਆਂ ਜਾਂਦੀਆਂ ਸੁੱਖ ਸਹੂਲਤਾਂ, ਵਸਤਾਂ ਤੇ ਸੇਵਾਵਾਂ ਦਾ ਮੁਕੰਮਲ ਬਾਈਕਾਟ ਕੀਤਾ। ਉਨ੍ਹਾਂ ਵੱਲੋਂ ਸ਼ੁਰੂ ਕੀਤੇ ਗਏ ਨਾ-ਮਿਲਵਰਤਨ ਅੰਦੋਲਨ ਅਤੇ ਨਾ-ਫ਼ੁਰਮਾਨੀ ਅੰਦੋਲਨ ਨੂੰ ਬਾਅਦ ਵਿੱਚ ਮਹਾਤਮਾ ਗਾਂਧੀ ਸਮੇਤ ਹੋਰ ਆਗੂਆਂ ਨੇ ਅਪਣਾਉਣ ਨੂੰ ਪਹਿਲ ਦਿੱਤੀ। ਇਤਿਹਾਸ ਗਵਾਹ ਹੈ ਦੇਸ਼ ਦੀ ਆਜ਼ਾਦੀ ਦਾ ਅਸਲ ਮੁੱਢ ਕੂਕਿਆਂ ਵੱਲੋਂ ਮਾਲੇਰਕੋਟਲਾ ਦੀ ਪਵਿੱਤਰ ਧਰਤੀ ਤੋਂ ਬੰਨ੍ਹਿਆ ਗਿਆ ਸੀ।
ਸਮਾਗਮ ਦੌਰਾਨ ਮੌਜੂਦਾ ਗੱਦੀਨਸ਼ੀਨ ਸਤਿਗੁਰੂ ਉਦੈ ਸਿੰਘ ਨੇ ਗੁਰੂ ਸਾਹਿਬਾਨ ਅਤੇ ਸਤਿਗੁਰੂ ਰਾਮ ਸਿੰਘ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਿਆਂ ਸੰਗਤ ਨੂੰ ਧਰਮ ਅਤੇ ਦੇਸ਼ ਦੀ ਤਰੱਕੀ ਲਈ ਕੰਮ ਕਰਨ ਦਾ ਸੱਦਾ ਦਿੱਤਾ। ਇਸ ਦੌਰਾਨ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਸਾਬਕਾ ਸੰਸਦ ਮੈਂਬਰ ਐੱਚ. ਐੱਸ. ਹੰਸਪਾਲ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ, ਡਿਪਟੀ ਕਮਿਸ਼ਨਰ ਡਾ. ਪੱਲਵੀ, ਜ਼ਿਲ੍ਹਾ ਪੁਲੀਸ ਮੁਖੀ ਹਰਕੰਵਲਪ੍ਰੀਤ ਸਿੰਘ ਖੱਖ, ਨਾਮਧਾਰੀ ਸੁਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ।