ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਜੁਲਾਈ
ਇੱਥੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਵੱਡੇ ਭਰਾ ਜਥੇਦਾਰ ਤੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਇਕ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਉਸ ਦੇ ਭਰਾ ਸਿਮਰਜੀਤ ਸਿੰਘ ਬੈਂਸ ਸਣੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ ਕਿ ਜਿਵੇਂ ਸਿੱਧੂ ਮੂਸੇਵਾਲਾ ਦਾ ਹਾਲ ਹੋਇਆ ਹੈ, ਉਹੀ ਹਾਲ ਬੈਂਸ ਦਾ ਕੀਤਾ ਜਾਵੇਗਾ। ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਪਰਿਵਾਰ ਦਾ ਕੋਈ ਨੁਕਸਾਨ ਹੋਇਆ ਤਾਂ ਉਸ ਦੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਬਲਵਿੰਦਰ ਬੈਂਸ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਕਦੇ ਵੱਟਸਐਪ ਅਤੇ ਕਦੇ ਫੇਸਬੁੱਕ ਪੇਜ ’ਤੇ ਮੈਸੇਜ ਆ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤਾਂ ਸਿੱਧੇ-ਸਿੱਧੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਪੇਜ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਧਮਕੀ ਦੇਣ ਵਾਲੇ ਸਿੱਧੇ ਤੌਰ ’ਤੇ ਪੈਸੇ ਮੰਗ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ 10 ਵਜੇ ਇਕ ਮੈਸੇਜ ਆਇਆ, ਜਿਸ ਵਿੱਚ ਲਿਖਿਆ ਹੈ ‘‘ਵੱਡੇ ਲੀਡਰੋਂ, ਹੁਣ ਤੁਹਾਡੇ ਕੋਲ ਵਕੀਲਾਂ ਨੂੰ ਦੇਣ ਲਈ ਕਰੋੜਾਂ ਰੁਪਏ ਹਨ, ਪਰ ਜਦੋਂ ਅਸੀਂ ਮੰਗਦੇ ਸੀ, ਉਦੋਂ ਕਹਿੰਦੇ ਸੀ ਸਾਡੇ ਕੋਲ ਪੈਸੇ ਨਹੀਂ ਹਨ। ਹੁਣ ਤੂੰ ਆਇਆ ਹੈ, ਸਾਡੀ ਰੇਂਜ ਵਿੱਚ। ਅਸੀਂ ਕਦੇ ਪਿੱਠ ’ਤੇ ਵਾਰ ਨਹੀਂ ਕੀਤਾ। ਸਿੱਧਾ ਹਿੱਕ ’ਤੇ ਹੀ ਕੀਤਾ ਹੈ। ਸਮਾਂ ਆਉਣ ’ਤੇ ਅਸੀਂ ਆਪਣੇ ਗਰੁੱਪ ਦਾ ਨਾਂ ਵੀ ਜ਼ਰੂਰ ਦੱਸਾਂਗੇ, ਪਰ ਕੰਮ ਖਤਮ ਕਰਕੇ।’’ ਸਾਬਕਾ ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਪੁਲੀਸ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਦਿੱਤੀ ਹੈ ਕਿ ਉਨ੍ਹਾਂ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ।