ਪੱਤਰ ਪੇ੍ਰਕ
ਨਡਾਲਾ, 27 ਜੂਨ
ਮਾਰਕੀਟ ਕਮੇਟੀ ਢਿੱਲਵਾਂ ਦੀ ਚੇਅਰਮੈਨੀ ਨੂੰ ਲੈ ਕੇ ਹਲਕਾ ਭੁਲੱਥ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਇਸ ਮਾਮਲੇ ਨੂੰ ਲੈ ਕੇ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਕਾਂਗਰਸੀ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਆਹਮੋ ਸਾਹਮਣੇ ਆ ਗਏ ਹਨ। ਖਹਿਰਾ ਦੀ ਵਾਇਰਲ ਹੋਈ ਵੀਡੀਓ ’ਚ ਉਨ੍ਹਾਂ ਆਪਣੇ ਸਿਆਸੀ ਵਿਰੋਧੀਆਂ ਤੋਂ ਕਈ ਸੁਆਲ ਕੀਤੇ ਹਨ। ਖਹਿਰਾ ਦਾ ਕਹਿਣਾ ਹੈ ਕਿ ਮਾਰਕੀਟ ਕਮੇਟੀ ਢਿਲਵਾਂ ਦੇ ਬਣਾਏ ਗਏ ਚੇਅਰਮੈਨ ਸ਼ਰਨਜੀਤ ਸਿੰਘ ਪੱਡਾ ਦਾ ਪਿਛੋਕੜ ਅਕਾਲੀ ਹੈ ਤੇ ਉਹ ਬੀਬੀ ਜਗੀਰ ਕੌਰ ਦੇ ਨਜ਼ਦੀਕੀ ਹਨ। ਅਜਿਹਾ ਕਰਕੇ ਰਾਣਾ ਗੁਰਜੀਤ ਸਿੰਘ ਨੇ ਜਿਥੇ ਬੀਬੀ ਜਗੀਰ ਕੌਰ ਨਾਲ ਆਪਣੀ ਪੁਰਾਣੀ ਨੇੜਤਾ ਜੱਗ ਜਾਹਿਰ ਕੀਤੀ ਹੈ, ਉਥੇ ਹਲਕੇ ਦੇ ਪੁਰਾਣੇ ਕਾਂਗਰਸੀਆਂ ਨਾਲ ਧੋਖਾ ਕੀਤਾ ਹੈ। ਦੂਜੇ ਪਾਸੇ ਅਮਨਦੀਪ ਸਿੰਘ ਗੋਰਾ ਗਿੱਲ ਦਾ ਕਹਿਣਾ ਹੈ ਕਿ ਖਹਿਰਾ ਖੁਦ ਅਕਾਲੀ ਦਲ ਵਿਚੋਂ ਕਾਂਗਰਸ ਵਿੱਚ ਆਏ, ਅਤੇ ਪਹਿਲਾਂ ਕਾਂਗਰਸ ਦੀ ਪਿੱਠ ਵਿੱਚ ਹੀ ਛੁਰਾ ਮਾਰਿਆ। ਫਿਰ ਕਿਸੇ ਵੱਡੇ ਅਹੁਦੇ ਦੀ ਲਾਲਸਾ ਨੂੰ ਲੈ ਕੇ ਉਹ ਆਪ ਵਿਚ ਚਲੇ ਗਏ ਅਤੇ ਮਗਰੋਂ ਉਸ ਪਾਰਟੀ ਨੂੰ ਧੋਖਾ ਦਿੱਤਾ ਅਤੇ ਬਾਅਦ ਵਿੱਚ ਆਪਣੀ ਪਾਰਟੀ ਬਣਾ ਲਈ।