ਸਿੰਗਾਪੁਰ, 7 ਜੁਲਾਈ
ਸਿੰਗਾਪੁਰ ਦੀ ਸਿਖ਼ਰਲੀ ਅਦਾਲਤ ਤੋਂ ਰਾਹਤ ਨਾ ਮਿਲਣ ਮਗਰੋਂ ਭਾਰਤੀ ਮੂਲ ਦੇ ਮਲੇਸ਼ੀਅਨ ਡਰੱਗ ਤਸਕਰ ਕਲਵੰਤ ਸਿੰਘ ਨੂੰ ਅੱਜ ਫਾਂਸੀ ਦੇ ਦਿੱਤੀ ਗਈ। 31 ਸਾਲ ਦੇ ਕੁਲਵੰਤ ਸਿੰਘ ਨੂੰ 2013 ਵਿਚ 60.15 ਗ੍ਰਾਮ ਡਾਯਾਮੋਰਫਿਨ ਰੱਖਣ ਅਤੇ 120.9 ਗ੍ਰਾਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ 2016 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਸਿੰਗਾਪੁਰ ਦੇ ਅਧਿਕਾਰੀਆਂ ਨੇ 30 ਜੂਨ ਨੂੰ ਕੁਲਵੰਤ ਸਿੰਘ ਨੂੰ ਮੌਤ ਦੀ ਸਜ਼ਾ ਦਾ ਨੋਟਿਸ ਜਾਰੀ ਕੀਤਾ ਸੀ ਅਤੇ ਸਜ਼ਾ 7 ਜੁਲਾਈ ਨੂੰ ਲਾਗੂ ਹੋਣੀ ਸੀ। ਫਾਂਸੀ ਦੀ ਸਜ਼ਾ ਨੂੰ ਰੋਕਣ ਲਈ ਮਨੁੱਖੀ ਅਧਿਕਾਰ ਕਾਰਕੁਨ ਬੁੱਧਵਾਰ ਨੂੰ ਕੁਆਲਾਲੰਪੁਰ ਵਿੱਚ ਸਿੰਗਾਪੁਰ ਹਾਈ ਕਮਿਸ਼ਨ ਦੇ ਸਾਹਮਣੇ ਇਕੱਠੇ ਹੋਏ।