ਨਿੱਜੀ ਪੱਤਰ ਪ੍ਰੇਰਕ
ਜਲੰਧਰ, 13 ਅਗਸਤ
ਪੰਜਾਬ ਦੀ ਸੂਫੀ ਗਾਇਕਾ ਜੋਤੀ ਨੂਰਾਂ ਅੱਜ ਆਪਣੇ ਪਤੀ ਕੁਨਾਲ ਪਾਸੀ ਨਾਲ ਮੀਡੀਆ ਦੇ ਰੂਬਰੂ ਹੋਈ। ਦੋਵਾਂ ਨੇ ਇਕਜੁੱਟਤਾ ਦਿਖਾਉਂਦਿਆਂ ਕਿਹਾ ਕਿ ਉਨ੍ਹਾਂ ਵਿੱਚ ਕੁਝ ਗਲਤ-ਫਹਿਮੀ ਹੋ ਗਈ ਸੀ ਪਰ ਰੱਬ ਨੇ ਉਨ੍ਹਾਂ ਨੂੰ ਦੁਬਾਰਾ ਮਿਲਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਨੂਰਾਂ ਨੇ ਪਿਛਲੇ ਹਫਤੇ ਹੀ ਆਪਣੇ ਪਤੀ ਨੂੰ ਨਸ਼ੇੜੀ ਕਹਿੰਦਿਆਂ ਤਲਾਕ ਲੈਣ ਲਈ ਅਦਾਲਤ ਤਕ ਪਹੁੰਚ ਕੀਤੀ ਸੀ। ਜੋਤੀ ਨੂਰਾਂ ਅੱਜ ਭਾਵੁਕ ਹੋ ਗਈ, ਉਸ ਨੇ ਕਾਨਫਰੰਸ ਵਿੱਚ ਹੀ ਗੀਤ ‘ਤੁਰ ਕੱਲਿਆਂ ਵੇ ਛੱਲਾ, ਤੁਰ ਚੱਲਿਆ’ ਵੀ ਸੁਣਾਇਆ। ਜੋਤੀ ਨੇ ਕਿਹਾ ਕਿ ਹੁਣ ਦੋਵਾਂ ’ਚ ਸਭ ਕੁਝ ਠੀਕ ਹੋ ਗਿਆ ਹੈ ਤੇ ਤਲਾਕ ਦੀ ਅਰਜ਼ੀ ਵਾਪਸ ਲੈ ਲਈ ਹੈ। ਪਤੀ ਨੂੰ ਨਸ਼ੇੜੀ ਕਹਿਣ ਬਾਰੇ ਜੋਤੀ ਨੇ ਕਿਹਾ ਕਿ ਉਸ ਨੇ ਗੁੱਸੇ ’ਚ ਬਹੁਤ ਕੁਝ ਕਹਿ ਦਿੱਤਾ ਸੀ ਪਰ ਅੱਜ ਉਹ ਸਭ ਦੇ ਸਾਹਮਣੇ ਇਹ ਕਹਿਣਾ ਚਾਹੁੰਦੀ ਹੈ ਕਿ ਉਸ ਦਾ ਪਤੀ ਸਿਗਰੇਟ ਜਾਂ ਭੰਗ ਹੀ ਪੀਂਦਾ ਹੈ। ਕੁਨਾਲ ਨੇ ਉਸ ਨਾਲ ਵਾਅਦਾ ਕੀਤਾ ਹੈ ਕਿ ਉਹ ਛੱਡ ਕੇ ਨਹੀਂ ਜਾਵੇਗਾ ਤੇ ਨਾ ਹੀ ਉਹ ਕੋਈ ਨਸ਼ਾ ਲਵੇਗਾ। ਕੁਨਾਲ ਪਾਸੀ ਨੇ ਦੱਸਿਆ ਕਿ ਦੋਹਾਂ ’ਚ ਗਲਤਫਹਿਮੀ ਦਾ ਕਈ ਲੋਕ ਫਾਇਦਾ ਉਠਾਉਣਾ ਚਾਹੁੰਦੇ ਸਨ ਪਰ ਅੱਜ ਦੋਵੇਂ ਫਿਰ ਇੱਕ ਹੋ ਗਏ ਹਨ। ਇਹ ਪੁੱਛੇ ਜਾਣ ’ਤੇ ਕਿ ਉਸ ਦੀ ਪਤਨੀ ਨੇ 20 ਕਰੋੜ ਰੁਪਏ ਗਾਇਬ ਕਰਨ ਦਾ ਦੋਸ਼ ਲਗਾਇਆ ਸੀ ਤਾਂ ਕੁਨਾਲ ਨੇ ਦੱਸਿਆ ਕਿ ਇਹ ਮਾਮਲਾ ਵੀ ਸੁਲਝਾ ਲਿਆ ਗਿਆ ਹੈ।