ਲੁਧਿਆਣਾ (ਟਨਸ): ਪੰਜਾਬੀ ਗਾਇਕ ਕਰਨ ਔਜਲਾ ਦੇ ਲੁਧਿਆਣਾ ਦੀ ਕੇਂਦਰੀ ਜੇਲ੍ਹ ’ਚ ਪੁੱਜਣ ਤੇ ਨਸ਼ਾ ਤਸਕਰ ਗੁਰਦੀਪ ਰਾਣੋਂ ਨੂੰ ਮਿਲਣ ਦੀ ਚਰਚਾ ਮਗਰੋਂ ਏਡੀਜੀਪੀ ਪ੍ਰਵੀਨ ਸਿਨਹਾ ਨੇ ਪੁਲੀਸ ਅਧਿਕਾਰੀਆਂ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਕੇਂਦਰੀ ਜੇਲ੍ਹ ਪੁੱਜੇ ਗਾਇਕ ਔਜਲਾ ਨੇ ਕਰੋਨਾ ਸਬੰਧੀ ਜਾਰੀ ਹਦਾਇਤਾਂ ਦੀਆਂ ਧੱਜੀਆਂ ਉਡਾਉਂਦਿਆਂ ਜੇਲ੍ਹ ਨਿਯਮਾਂ ਦੀ ਵੀ ਉਲੰਘਣਾ ਕੀਤੀ। ਇਸ ਦੌਰਾਨ ਔਜਲਾ ਸੁਪਰਡੈਂਟ ਦੇ ਕਮਰੇ ’ਚ ਬੈਠਾ ਰਿਹਾ ਤੇ ਉਸ ਨਾਲ ਆਏ ਲੋਕ ਮੋਬਾਈਲ ਫੋਨ ਲੈ ਕੇ ਆਉਂਦੇ-ਜਾਂਦੇ ਰਹੇ। ਇਸ ਬਾਰੇ ਜੇਲ੍ਹ ਸੁਪਰਡੈਂਟ ਰਾਜੀਵ ਅਰੋੜਾ ਨੇ ਕਿਹਾ ਕਿ ਕਰਨ ਔਜਲਾ ਦੇ ਉਨ੍ਹਾਂ ਨਾਲ ਪਰਿਵਾਰਕ ਸਬੰਧ ਹਨ ਅਤੇ ਉਹ ਉਨ੍ਹਾਂ ਨੂੰ ਮਿਲਣ ਆਇਆ ਸੀ। ਜਾਣਕਾਰੀ ਅਨੁਸਾਰ ਗੁਰਦੀਪ ਰਾਣੋਂ ਪਿਛਲੇਂ ਕਾਫ਼ੀ ਸਮੇਂ ਤੋਂ ਨਸ਼ਾ ਤਸਕਰੀ ਦੇ ਮਾਮਲੇ ’ਚ ਜੇਲ੍ਹ ’ਚ ਬੰਦ ਹੈ। ਕਰਨ ਔਜਲਾ ਨੇ ਗੁਰਦੀਪ ਸਿੰਘ ਰਾਣੋਂ ਦੀਆਂ ਕਈ ਲੋਕੇਸ਼ਨਾਂ ’ਤੇ ਗਾਣਿਆਂ ਦੀ ਸ਼ੂਟਿੰਗ ਕੀਤੀ ਹੈ। ਉਹ ਵੀਰਵਾਰ ਨੂੰ ਆਪਣੇ ਸਾਥੀਆਂ ਨਾਲ ਜੇਲ੍ਹ ’ਚ ਗੁਰਦੀਪ ਸਿੰਘ ਰਾਣੋਂ ਨੂੰ ਮਿਲਣ ਆਇਆ ਦੱਸਿਆ ਜਾ ਰਿਹਾ ਹੈ। ਏਡੀਜੀਪੀ ਪ੍ਰਵੀਨ ਸਿਨਹਾ ਨੇ ਕਿਹਾ ਕਿ ਇਸ ਸਬੰਧੀ ਡੀਆਈਜੀ ਜੇਲ੍ਹ ਸੁਰਿੰਦਰ ਸੈਣੀ ਨੂੰ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।