ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਅਕਤੂਬਰ
ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕਿਹਾ ਕਿ ਸਿੰਘੂ ਹੱਤਿਆ ਕਾਂਡ ਕਿਸਾਨਾਂ ਦੇ ਸੰਘਰਸ਼ ਨੂੰ ਢਾਹ ਲਾਉਣ ਦੀ ਇੱਕ ਡੂੰਘੀ ਸਾਜ਼ਿਸ਼ ਜਾਪਦੀ ਹੈ। ਤਰਨ ਤਾਰਨ ਦੇ ਇੱਕ ਅਨੁਸੂਚਿਤ ਜਾਤੀ ਨਾਲ ਸਬੰਧਤ ਮਜ਼ਦੂਰ ਦੇ ਕਤਲ ਦੀ ਮੌਜੂਦਾ ਘਟਨਾ ਅਤੇ ਮੀਡੀਆ ’ਚ ਹੋਏ ਤਾਜ਼ਾ ਖੁਲਾਸਿਆਂ ਦਾ ਜ਼ਿਕਰ ਕਰਦਿਆਂ ਉੱਪ ਮੁੱਖ ਮੰਤਰੀ ਨੇ ਪੂਰਨ ਨਿਆਂ ਦਿਵਾਉਣ ਦਾ ਵਾਅਦਾ ਕਰਦਿਆਂ ਕਿਹਾ ਕਿ ਸਰਕਾਰ ਮਾਮਲੇ ਦੀ ਡੂੰਘਾਈ ਤੱਕ ਪਹੁੰਚੇਗੀ ਅਤੇ ਇਸ ਘਟਨਾ ਦੇ ਅਸਲ ਸਾਜ਼ਿਸ਼ਕਾਰਾਂ ਨੂੰ ਬੇਨਕਾਬ ਕਰੇਗੀ। ਨਿਹੰਗ ਆਗੂਆਂ ਵਿੱਚੋਂ ਇੱਕ ਨਿਹੰਗ ਆਗੂ ਦੇ ਭਾਰਤ ਸਰਕਾਰ, ਖਾਸ ਕਰਕੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਸਬੰਧ ਹੋਣ ਬਾਰੇ ਹਾਲ ਹੀ ਵਿੱਚ ਹੋਏ ਖੁਲਾਸਿਆਂ ਦੇ ਮੱਦੇਨਜ਼ਰ ਉਨ੍ਹਾਂ ਕਿਹਾ ਕਿ ਇਸ ਹੱਤਿਆ ਕਾਂਡ ਨੇ ਹੁਣ ਬਿਲਕੁਲ ਵੱਖਰਾ ਮੋੜ ਲੈ ਲਿਆ ਹੈ। ਉਹੀ ਨਿਹੰਗ ਆਗੂ ਹੁਣ ਲਖਬੀਰ ਸਿੰਘ ਦੀ ਹੱਤਿਆ ਦੇ ਮੁੱਖ ਦੋਸ਼ੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਤ ਲਖਬੀਰ ਸਿੰਘ ਪਿੰਡ ਚੀਮਾ ਕਲਾਂ ਦਾ ਰਹਿਣ ਵਾਲਾ ਸੀ ਅਤੇ ਬਹੁਤ ਗਰੀਬ ਸੀ। ਉਨ੍ਹਾਂ ਕਿਹਾ ਕਿ ਸਾਨੂੰ ਇਹ ਪਤਾ ਲਗਾਉਣ ਦੀ ਜ਼ਰੂਰਤ ਹੈ ਕਿ ਉਸ ਨੂੰ ਸਿੰਘੂ ਸਰਹੱਦ ’ਤੇ ਕੌਣ ਲੈ ਕੇ ਗਿਆ ਸੀ ਅਤੇ ਕਿਸ ਨੇ ਦਿਲੀ ਤੱਕ ਉਸ ਦੀ ਯਾਤਰਾ ਦਾ ਖਰਚ ਕੀਤਾ ਸੀ ਕਿਉਂਕਿ ਉਸ ਕੋਲ ਆਪਣੀ ਰੋਟੀ ਲਈ ਵੀ ਪੈਸੇ ਨਹੀਂ ਸਨ। ਉਨ੍ਹਾਂ ਸਥਾਨਕ ਪ੍ਰਸਾਸਨ ਨੂੰ ਉਨ੍ਹਾਂ ਕਾਰਨਾਂ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਹੈ।