ਪ੍ਰਭੂ ਦਿਆਲ
ਸਿਰਸਾ, 14 ਅਗਸਤ
ਇਥੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਅੱਜ ਯੁਵਾ ਕਲਿਆਣ ਵਿਭਾਗ ਵੱਲੋਂ ਸ਼ਰਧਾਂਜਲੀ ਸਮਾਗਮ ਕੀਤਾ ਗਿਆ, ਜਿਸ ਵਿੱਚ ਦੇਸ਼ ਦੀ ਵੰਡ ਵੇਲੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਜਮੇਰ ਸਿੰਘ ਮਲਿਕ ਨੇ ਕੀਤੀ। ਸਮਾਗਮ ਦਾ ਆਗਾਜ਼ ਦੇਸ਼ ਭਗਤੀ ਦੇ ਗੀਤਾਂ ਨਾਲ ਹੋਇਆ। ਇਸ ਮੌਕੇ ਮੁੱਖ ਮਹਿਮਾਨ ਸਮਾਜ ਸੇਵੀ ਡਾ. ਸੁਰਿੰਦਰ ਮਲਹੋਤਰਾ ਤੇ ਸੁਰਿੰਦਰ ਭਾਟੀਆ ਸਨ। ਯੂਨੀਵਰਸਿਟੀ ਦੇ ਰਜਿਸਟਾਰ ਡਾ. ਰਾਜੇਸ਼ ਕੁਮਾਰ ਬਾਂਸਲ ਨੇ ਸਮਾਗਮ ’ਚ ਆਏ ਲੋਕਾਂ ਦਾ ਸਵਾਗਤ ਕੀਤਾ। ਸਮਾਗਮ ਵਿੱਚ ਡਾ. ਸੁਰਿੰਦਰ ਮਲਹੋਤਰਾ ਨੇ ਦੇਸ਼ ਦੀ ਵੰਡ ਵੇਲੇ ਹੋਏ ਕਤਲੇਆਮ ਨੂੰ ਯਾਦ ਕਰਦਿਆਂ ਆਪਣੇ ਚੇਤੇ ਵਿੱਚ ਰਹੀਆਂ ਗੱਲਾਂ ਨੂੰ ਲੋਕਾਂ ਨਾਲ ਸਾਂਝਾ ਕੀਤਾ ਤੇ ਅੱਖੀਂ ਡਿੱਠਾ ਹਾਲ ਦੱਸਿਆ। ਸੁਰਿੰਦਰ ਭਾਟੀਆਂ ਨੇ ਵੰਡ ਵੇਲੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਬਹੁਤ ਕੁਰਬਾਨੀਆਂ ਮਗਰੋਂ ਮਿਲੀ ਹੈ। ਇਸ ਦੌਰਾਨ ਦੇਸ਼ ਦੀ ਵੰਡ ਵੇਲੇ ਦੀਆਂ ਦੁਰਲੱਭ ਫੋਟੋਆਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਸਮਾਗਮ ਦੇ ਅੰਤ ’ਚ ਮਹਿਮਾਨਾਂ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਟਿਮਸੀ ਮਹਿਤਾ ਤੇ ਚਰਨਪ੍ਰੀਤ ਕੌਰ ਨੇ ਸਾਂਝੇ ਤੌਰ ’ਤੇ ਕੀਤਾ।