ਸੰਜੀਵ ਸਿੰਘ ਬਰਿਆਣਾ
ਚੰਡੀਗੜ੍ਹ, 7 ਅਗਸਤ
ਪੰਜਾਬ ’ਚ 2018 ਤੋਂ 2020 ਦੌਰਾਨ ਬੱਚਿਆਂ ਖ਼ਿਲਾਫ਼ ਜੁਰਮ ਦੇ ਰੋਜ਼ਾਨਾ ਛੇ ਤੋਂ ਵਧ ਕੇਸ ਸਾਹਮਣੇ ਆਏ। ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨਸੀਪੀਸੀਆਰ) ਦੇ ਰਿਕਾਰਡ ਤੋਂ ਇਹ ਖ਼ੁਲਾਸਾ ਹੋਇਆ ਹੈ। ਹਰਿਆਣਾ ’ਚ ਇਸ ਸਮੇਂ ਦੌਰਾਨ ਦੁਗਣੇ ਤੋਂ ਜ਼ਿਆਦਾ ਯਾਨੀ ਔਸਤਨ 13 ਕੇਸ ਰੋਜ਼ਾਨਾ ਰਿਕਾਰਡ ਕੀਤੇ ਗਏ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਪ੍ਰਸ਼ਨਕਾਲ ਦੌਰਾਨ ਸੰਸਦ ਮੈਂਬਰਾਂ ਚੰਦਰਾਨੀ ਮੁਰਮੂ ਅਤੇ ਗੀਤਾ ਵਿਸ਼ਵਨਾਥ ਵਾਂਗਾ ਵੱਲੋਂ ਯਤੀਮਖਾਨਿਆਂ ’ਚ ਅਪਰਾਧ ਦਰ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਇਹ ਜਾਣਕਾਰੀ ਦਿੱਤੀ। ਐੱਨਸੀਪੀਸੀਆਰ ਦੇ ਅੰਕੜਿਆਂ ਮੁਤਾਬਕ ਪਿਛਲੇ ਤਿੰਨ ਸਾਲਾਂ ’ਚ ਬਾਲ ਸੰਭਾਲ ਸੰਸਥਾਨਾਂ (ਸੀਸੀਆਈ) ’ਚ ਬੱਚਿਆਂ ਨਾਲ ਬਦਸਲੂਕੀ ਦੇ 34 ਕੇਸ ਮਿਲੇ। ਸੁਪਰੀਮ ਕੋਰਟ ਵੱਲੋਂ ਮਈ 2017 ’ਚ ਦਿੱਤੇ ਗਏ ਹੁਕਮਾਂ ਮਗਰੋਂ ਐੱਨਸੀਪੀਸੀਆਰ ਵੱਲੋਂ ਸੀਸੀਆਈ ਦੇ ਅੰਕੜਿਆਂ ਦੀ ਘੋਖ ਕੀਤੀ ਗਈ ਸੀ ਅਤੇ ਇਹ ਰਿਪੋਰਟ ਮਾਰਚ 2020 ’ਚ ਜਮ੍ਹਾਂ ਕਰਵਾਈ ਗਈ ਸੀ। ਇਹ ਰਿਪੋਰਟ ਸਾਰੇ ਸੂਬਿਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੂੰ ਲੋੜੀਂਦੀ ਕਾਰਵਾਈ ਲਈ ਭੇਜੀ ਗਈ ਸੀ। ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਏ ਪੀ ਐੱਸ ਸੰਧੂ ਨੇ ਦੱਸਿਆ ਕਿ ਪੰਜਾਬ ’ਚ ਸਰਕਾਰ ਵੱਲੋਂ ਚਲਾਏ ਜਾ ਰਹੇ ਛੇ ਯਤੀਮਖਾਨੇ ਅਤੇ ਘਰੋਂ ਭੱਜੇ ਬੱਚਿਆਂ ਲਈ ਇਕ ਆਸ਼ਰਮ ਹੈ ਜਿਨ੍ਹਾਂ ’ਚ 218 ਬੱਚੇ ਹਨ।
ਇਸ ਦੇ ਨਾਲ ਯਤੀਮਾਂ ਲਈ 11 ਜ਼ਿਲ੍ਹਿਆਂ ’ਚ ਐੱਨਜੀਓਜ਼ ਵੱਲੋਂ 39 ਆਸ਼ਰਮ ਚਲਾਏ ਜਾ ਰਹੇ ਹਨ ਜੋ 1291 ਬੱਚਿਆਂ ਦੀ ਸਾਂਭ-ਸੰਭਾਲ ਕਰਦੇ ਹਨ।