ਇਕਬਾਲ ਸਿੰਘ ਸ਼ਾਂਤ
ਡੱਬਵਾਲੀ , 8 ਜਨਵਰੀ
ਡਬਵਾਲੀ-ਸੰਗਰੀਆ ਮੁੱਖ ਸੜਕ ‘ਤੇ ਅੱਜ ਸ਼ਾਮ ਇੱਕ ਡਿਜ਼ਾਇਰ ਕਾਰ ਬੇਕਾਬੂ ਹੋ ਕੇ ਦਰੱਖਤ ‘ਚ ਵੱਜਣ ਕਰਕੇ ਤਿੰਨ ਔਰਤਾਂ ਸਣੇ ਛੇ ਦੀ ਮੌਤ ਹੋ ਗਈ। ਪਿੰਡ ਸ਼ੇਰਗੜ੍ਹ ਦੇ ਨੇੜੇ ਵਾਪਰੇ ਹਾਦਸੇ ਵਿੱਚ ਡਿਜਾਇਰ ਕਾਰ ਦੇ ਪਰਖੱਚੇ ਉੱਡ ਗਏ। ਸਾਰੇ ਮ੍ਰਿਤਕ ਰਾਜਸਥਾਨ ਦੇ ਸ੍ਰੀ ਗੰਗਾਨਗਰ ਖੇਤਰ ਨਾਲ ਸਬੰਧਤ ਸਨ। ਜਿਹੜੇ ਕਿ ਹਾਦਸੇ ਵਿੱਚ ਮੌਤ ਦਾ ਸ਼ਿਕਾਰ ਬਣੀ ਦਰਸ਼ਨਾ ਦੇਵੀ ਦੇ ਪਿਤਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਹਿਸਾਰ ਜਾ ਰਹੇ ਸਨ। ਸਾਰੇ ਜਣੇ ਰਿਸ਼ਤੇਦਾਰ ਸਨ।
ਮ੍ਰਿਤਕਾਂ ਦੀ ਪਛਾਣ ਦਰਸ਼ਨਾ ਦੇਵੀ, ਬਨਵਾਰੀ ਲਾਲ, ਗੁੱਡੀ ਦੇਵੀ, ਕ੍ਰਿਸ਼ਣ ਕੁਮਾਰ, ਚੰਦਰਕਲਾ ਪਤਨੀ ਓਮ ਪ੍ਰਕਾਸ਼ ਨਿਵਾਸੀ ਪਿੰਡ ਗੋਲੂਵਾਲਾ ਜ਼ਿਲ੍ਹਾ ਸ੍ਰੀ ਗੰਗਾਨਗਰ ਅਤੇ ਸੁਭਾਸ਼ ਚੰਦਰ ਪੁੱਤਰ ਰਾਮਚੰਦਰ ਵਾਸੀ ਸਰਦਾਰਪੁਰ (ਰਾਜਸਥਾਨ) ਵਜੋਂ ਹੋਈ ਹੈ। ਹਾਦਸੇ ਵਿੱਚ ਮੌਤ ਦਾ ਸ਼ਿਕਾਰ ਹੋਏ ਦਰਸ਼ਨਾ ਦੇਵੀ ਅਤੇ ਬਨਵਾਰੀ ਲਾਲ, ਗੁੱਡੀ ਦੇਵੀ ਅਤੇ ਕ੍ਰਿਸ਼ਣ ਕੁਮਾਰ ਪਤੀ-ਪਤਨੀ ਸਨ। ਹਾਦਸੇ ਦੀ ਸੂਚਨਾ ਮਿਲਣ ‘ਤੇ ਐਂਬੂਲੈਂਸ ਚਾਲਕ ਕੁਲਵੰਤ ਸਿੰਘ ਅਤੇ ਸਿਟੀ ਥਾਣਾ ਦੇ ਡੱਬਵਾਲੀ ਦੇ ਮੁਖੀ ਸ਼ੈਲੇਂਦਰ ਕੁਮਾਰ ਪੁਲਿਸ ਟੀਮ ਸਹਿਤ ਮੌਕੇ ‘ਤੇ ਪੁੱਜੇ। ਜਖ਼ਮੀਆਂ ਨੂੰ ਕਾਫੀ ਮਸ਼ੱਕਤ ਮਗਰੋਂ ਕਾਰ ਵਿੱਚੋਂ ਬਾਹਰ ਕੱਢਿਆ ਗਿਆ। ਹਾਦਸੇ ਵਿੱਚ ਪੰਜ ਜਣਿਆਂ ਦੀ ਮੌਕੇ ‘ਤੇ ਮੌਤ ਹੋ ਗਈ। ਜਦਕਿ ਇੱਕ ਵਿਅਕਤੀ ਨੇ ਹਸਪਤਾਲ ਲਿਜਾਂਦੇ ਸਮੇਂ ਰਾਹ ‘ਚ ਦਮ ਤੋੜ ਗਿਆ। ਸਿਟੀ ਥਾਣਾ ਦੇ ਮੁਖੀ ਸ਼ੈਲੇਂਦਰ ਕੁਮਾਰ ਅਤੇ ਜਾਂਚ ਅਧਿਕਾਰੀ ਸੁਭਾਸ਼ ਨੇ ਦੱਸਿਆ ਕਿ ਮ੍ਰਿਤਕਾਂ ਦੇ ਵਾਰਸਾਂ ਦੇ ਪੁੱਜਣ ‘ਤੇ ਅਗਾਮੀ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ।