ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਸਤੰਬਰ
‘ਆਪ’ ਸਰਕਾਰ ਵੱਲੋੋਂ ਲਾਈਨਮੈਨਾਂ ਅਤੇ ਸਹਾਇਕ ਲਾਈਨਮੈਨਾਂ ਦੀਆਂ ਦੋ ਹਜ਼ਾਰ ਅਸਾਮੀਆਂ ਭਰਨ ਲਈ ਰੱਖੀ ਗਈ ਲਿਖਤੀ ਟੈਸਟ ਦੀ ਸ਼ਰਤ ਨੂੰ ਰੱਦ ਕਰਵਾਉਣ ਲਈ ਦੋ ਮਹੀਨਿਆਂ ਤੋਂ ਇਥੇ ਪੱਕੇ ਮੋਰਚੇ ’ਤੇ ਬੈਠੇ ਅਪਰੈਂਟਿਸ ਲਾਈਨਮੈਨ ਵਰਕਰ ਯੂਨੀਅਨ ਦੇ ਛੇ ਨੁਮਾਇੰਦੇ ਅੱਜ ਭੇਡਪੁਰਾ ਪਿੰਡ ਦੇ ਕੋਲੋਂ ਲੰਘਦੇ ਬਿਜਲੀ ਦੇ ਹਾਈ ਵੋਲਟੇਜ ਵਾਲੇ ਵੱਡੇ ਟਾਵਰ ’ਤੇ ਚੜ੍ਹ ਗਏ। ਮੁਲਾਜ਼ਮਾਂ ਨੂੰ ਟਾਵਰ ਤੋਂ ਹੇਠਾਂ ਉਤਾਰਨ ਲਈ ਸਮੁੱਚਾ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਪੱਬਾਂ ਭਾਰ ਹੈ। ਦੇਰ ਸ਼ਾਮ ਪਾਵਰਕੌਮ ਮੈਨੇਜਮੈਂਟ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਹੁਣ ਇਸ ਟਾਵਰ ’ਤੇ ਹੀ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਹੈ। ਉਧਰ, ਇਨ੍ਹਾਂ ਮੁਲਾਜ਼ਮਾਂ ਦੇ ਦਰਜਨਾਂ ਸਾਥੀ ਟਾਵਰ ਦੇ ਹੇਠਾਂ ਧਰਨਾ ਮਾਰ ਕੇ ਬੈਠ ਹੋਏ ਹਨ।
ਜ਼ਿਕਰਯੋਗ ਹੈ ਕਿ ‘ਆਪ’ ਸਰਕਾਰ ਨੇ ਸੱਤਾ ਸੰਭਾਲਣ ਮਗਰੋਂ 1690 ਅਸਾਮੀਆਂ ਕੱਢੀਆਂ ਸਨ, ਪਰ ਉਸ ਨੇ ਲਿਖਤੀ ਟੈਸਟ ਪਾਸ ਕਰਨ ਦੀ ਸ਼ਰਤ ਰੱਖ ਦਿੱਤੀ ਸੀ। ਬੇਰੁਜ਼ਗਾਰ ਲਾਈਨਮੈਨ ਟੈਸਟ ਦੀ ਇਸ ਸ਼ਰਤ ਨੂੰ ਰੱਦ ਕਰਵਾਉਣ ਲਈ ਦੋ ਮਹੀਨਿਆਂ ਤੋਂ ਪਾਵਰਕੌਮ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਅੱਗੇ ਪੱਕਾ ਮੋਰਚਾ ਲਾ ਕੇ ਬੈਠੇ ਹਨ। ਹਾਈ ਵੋਲਟੇਜ ਵਾਲੇ ਟਾਵਰ ’ਤੇ ਚੜ੍ਹੇ ਲਾਈਨਮੈਨਾਂ ਕਾਰਨ ਇਸ ਖੇਤਰ ’ਚ ਕਾਫ਼ੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਸਮੇਤ ਹੋਰ ਲੋੜੀਂਦੇ ਪ੍ਰਬੰਧ ਵੀ ਕੀਤੇ ਗਏ ਹਨ। ਇਨ੍ਹਾਂ ਬੇਰੁਜ਼ਗਾਰਾਂ ਲਈ ਗੁਰਦੁਆਰਾ ਸਾਹਿਬਾਨ ਸਮੇਤ ਇਲਾਕੇ ਦੇ ਲੋਕਾਂ/ਸੰਗਤਾਂ ਵੱਲੋਂ ਇਥੇ ਹੀ ਚਾਹ ਅਤੇ ਲੰਗਰ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਹੇਠਲੇ ਪ੍ਰਦਰਸ਼ਨਕਾਰੀ ਖੇਤਾਂ ਵਿਚਲੀ ਇੱਕ ਪਹੀ/ਰਸਤੇ ’ਚ ਹੀ ਡੇਰੇ ਲਾਈਂ ਬੈਠੇ ਹਨ।
ਮੈਨੇਜਮੈਂਟ ਨਾਲ ਮੀਟਿੰਗ ਬੇਸਿੱਟਾ ਰਹੀ
ਪਟਿਆਲਾ (ਖੇਤਰੀ ਪ੍ਰਤੀਨਿਧ): ਅਪ੍ਰੈਂਟਿਸ ਲਾਈਨਮੈਨ ਵਰਕਰ ਯੂਨੀਅਨ ਦੇ ਪੰਜ ਮੈਂਬਰੀ ਵਫ਼ਦ ਦੀ ਅੱਜ ਦੇਰ ਸ਼ਾਮੀ ਪਾਵਰਕੌਮ ਦੇ ਮੁੱਖ ਦਫ਼ਤਰ ਵਿੱਚ ਸੀਐੱਮਡੀ ਇੰਜ. ਬਲਦੇਵ ਸਿੰਘ ਸਰਾ ਅਤੇ ਹੋਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ। ਅਧਿਕਾਰੀਆਂ ਦਾ ਤਰਕ ਸੀ ਕਿ ਉਹ ਆਸਾਮੀਆਂ ਭਰਵਾਉਣ ਲਈ ਹੀ ਸੰਘਰਸ਼ ਕਰਦੇ ਆ ਰਹੇ ਸਨ, ਪਰ ‘ਆਪ’ ਸਰਕਾਰ ਨੇ ਆਉਂਦਿਆਂ ਹੀ 1690 ਪੋਸਟਾਂ ਕੱਢ ਦਿੱਤੀਆਂ। ਫੇਰ ਯੂਨੀਅਨ ਦੀ ਮੰਗ ’ਤੇ 310 ਪੋਸਟਾਂ ਦਾ ਵਾਧਾ ਕਰਦਿਆਂ ਗਿਣਤੀ 2000 ਹਜ਼ਾਰ ਕਰ ਦਿੱਤੀ ਹੈ। ਜਾਣਕਾਰੀ ਅਨੁੁਸਾਰ ਮੈਨੇਜਮੈਂਟ ਨੇ ਟੈਸਟ ਰੱੱਦ ਕਰਨ ਦੀ ਮੰਗ ਮੰਨਣ ਤੋਂ ਕੋਰਾ ਜਵਾਬ ਦੇ ਦਿੱਤਾ। ਵਫ਼ਦ ’ਚ ਪਵਿੱਤਰ ਸੰਗਤਪੁਰਾ, ਤੁਸ਼ਾਰ, ਜਗਸੀਰ ਸਿੰਘ, ਮੁਖਤਿਆਰ ਸਿੰਘ ਅਤੇ ਗੁਰਜੰਟ ਸਿੰਘ ਆਦਿ ਵੀ ਸ਼ਾਮਲ ਸਨ।