ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 7 ਮਈ
ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸੱਦੇ ’ਤੇ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਅਧਿਆਪਕਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟ ਕੀਤਾ। ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਵਿਚ ਵਰਕ ਫਰੋਮ ਹੋਮ ਦੇ ਹੁਕਮ ਜਾਰੀ ਨਾ ਕਰਨ ਦੇ ਪੱਖਪਾਤੀ ਵਤੀਰੇ ਖਿਲਾਫ਼ ਇਹ ਰੋਸ ਪ੍ਰਗਟਾਇਆ ਗਿਆ। ਅਧਿਆਪਕਾਂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਨੇਬਰਹੁੱਡ ਕੈਂਪਸ ਅਤੇ ਕਾਂਸਟੀਚੂਐਂਟ ਕਾਲਜਾਂ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਚ ਇਹ ਆਦੇਸ਼ ਪਹਿਲਾਂ ਹੀ ਲਾਗੂ ਹਨ। ਇਸ ਮੌਕੇ ਕਾਲਜ ਦੀ ਅਧਿਆਪਕ ਯੂਨੀਅਨ ਦੇ ਮੀਤ ਪ੍ਰਧਾਨ ਡਾ. ਹਰਵੀਨ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਜਾਇਜ਼ ਮੰਗ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਸੀਨੀਅਰ ਅਧਿਆਪਕ ਆਗੂ ਡਾ. ਹਰਮਿੰਦਰ ਸਿੰਘ, ਯੂਨੀਅਨ ਦੇ ਸੰਯੁਕਤ ਸਕੱਤਰ ਡਾ. ਨਵਦੀਪ ਸਿੰਘ ਅਤੇ ਖਜ਼ਾਨਚੀ ਪ੍ਰੋ. ਪੂਨਮ ਚਾਵਲਾ ਨੇ ਕਿਹਾ ਕਿ ਸਰਕਾਰ ਨੇ ਕਾਲਜ ਵਿਚ ਵਿਦਿਆਰਥੀਆਂ ਦੇ ਆਉਣ ਦੀ ਮਨਾਹੀ ਕੀਤੀ ਹੋਈ ਹੈ ਅਤੇ ਅਧਿਆਪਕ ਕਾਲਜ ਵਿਚ ਆ ਕੇ ਵੀ ਆਨਲਾਈਨ ਜਮਾਤਾਂ ਹੀ ਲਗਾ ਰਹੇ ਹਨ ਜਦੋਂਕਿ ਇਹ ਕੰਮ ਵਰਕ ਫਰੋਮ ਹੋਮ ਨਾਲ ਵਧੀਆ ਤਰੀਕੇ ਨਾਲ ਹੋ ਸਕਦਾ ਹੈ।