ਜਗਮੋਹਨ ਸਿੰਘ
ਘਨੌਲੀ, 20 ਜਨਵਰੀ
ਅੱਜ ਗ੍ਰਾਮ ਪੰਚਾਇਤ ਲੋਦੀਮਾਜਰਾ ਅਤੇ ਰੂਪਨਗਰ ਪੈਡਲਰਜ਼ ਐਂਡ ਰਨਰਜ਼ ਐਸੋਸੀਏਸ਼ਨ ਵੱਲੋ ਪੇਂਡੂ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਕੋਆਰਡੀਨੇਡਰ ਸ਼ਿਵ ਕੁਮਾਰ ਅਤੇ ਜਗਦੀਪ ਸਿੱਧੂ ਨੇ ਦੱਸਿਆ ਕਿ ਇਸ ਦੌੜ ਵਿੱਚ ਰੂਪਨਗਰ, ਸ੍ਰੀ ਆਨੰਦਪੁਰ ਸਾਹਿਬ, ਨੂਰਪੁਰ ਬੇਦੀ, ਚਮਕੌਰ ਸਾਹਿਬ, ਨਾਲਾਗੜ੍ਹ, ਕੁਰਾਲੀ ਅਤੇ ਲੁਧਿਆਣਾ ਤੋਂ 250 ਤੋਂ ਵੱਧ ਦੌੜਾਕਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਸ ਦੌੜ ਵਿੱਚ ਪੰਜ ਸਾਲ ਦੇ ਬੱਚਿਆਂ ਤੋਂ ਲੈ ਕੇ 70 ਸਾਲ ਤੱਕ ਦੇ ਬਜ਼ੁਰਗਾਂ ਨੇ ਹਿੱਸਾ ਲਿਆ ਤੇ ਲੜਕੀਆਂ ਤੇ ਔਰਤਾਂ ਵੀ ਇਸ ਦੌੜ ਵਿੱਚ ਹੁੰਮਹੁਮਾ ਕੇ ਸ਼ਾਮਲ ਹੋਈਆਂ। ਇਸ ਮੌਕੇ ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ।
ਮੈਰਾਥਨ ਦੀ ਸ਼ੁਰੂਆਤ ਸਮਾਜ ਸੇਵੀ ਦਵਿੰਦਰ ਸਿੰਘ ਜਟਾਣਾ ਅਤੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਰੂਪਨਗਰ ਪੰਕਜ ਯਾਦਵ ਦੁਆਰਾ ਝੰਡੀ ਦਿਖਾ ਕੇ ਕੀਤੀ ਗਈ।
ਇਸ ਦੌੜ ਨੂੰ ਦੋ ਹਿੱਸਿਆਂ ਪੰਜ ਕਿਲੋਮੀਟਰ ਅਤੇ ਦਸ ਕਿਲੋਮੀਟਰ ਵਿੱਚ ਵੰਡਿਆ ਗਿਆ। ਪਹਿਲੇ, ਦੂਜੇ ਅਤੇ ਤੀਜੇ ਨੰਬਰ ’ਤੇ ਆਉਣ ਵਾਲੇ ਦੌੜਾਕਾਂ ਨੂੰ ਟਰਾਫੀਆਂ ਅਤੇ ਬਾਕੀ ਸਾਰੇ ਭਾਗ ਲੈਣ ਵਾਲੇ ਮੈਂਬਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।