ਨਿੱਜੀ ਪੱਤਰ ਪ੍ਰੇਰਕ
ਜਲੰਧਰ, 20 ਜੂਨ
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵੱਲੋਂ ਮੋਹਰਲੀਆਂ ਕਤਾਰਾਂ ਦੇ ਕਰੋਨਾ ਯੋਧਿਆਂ ਲਈ ਭੇਜੀਆਂ ਗਈਆਂ 500 ਸਮਾਰਟ ਘੜੀਆਂ ਵੰਡਣ ਦੀ ਸ਼ੁਰੂਆਤ ਕੀਤੀ। ਸਥਾਨਕ ਪੁਲੀਸ ਲਾਈਨ ਵਿਚ ਸਮਾਗਮ ਦੌਰਾਨ ਪੁਲੀਸ ਕਮਿਸ਼ਨਰ ਨੇ ਗੋਕੀ ਕੰਪਨੀ ਦੀਆਂ ਸਮਾਰਟ ਘੜੀਆਂ ਸਬ-ਇੰਸਪੈਕਟਰ ਅਮਨਪ੍ਰੀਤ ਕੌਰ, ਸਹਾਇਕ ਸਬ-ਇੰਸਪੈਕਟਰ ਵਿਜੈ ਕੁਮਾਰ, ਸੀਨੀਅਰ ਕਾਂਸਟੇਬਲ ਰਵੀ ਕੁਮਾਰ ਅਤੇ ਰਾਜਪਾਲ ਸਿੰਘ, ਸਿਪਾਹੀ ਭੁਪਿੰਦਰ ਸਿੰਘ, ਸ਼ਿਵ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਸੌਂਪੀਆਂ। ਪੁਲੀਸ ਕਮਿਸ਼ਨਰ ਸ੍ਰੀ ਭੁੱਲਰ ਨੇ ਅਦਾਕਾਰ ਅਕਸ਼ੈ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਪੁਲੀਸ ਕਰਮੀਆਂ ਦਾ ਮਨੋਬਲ ਹੋਰ ਵਧੇਗਾ। ਉਨ੍ਹਾਂ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ਕੇ ਬੌਲੀਵੁੱਡ ਅਦਾਕਾਰ ਨੇ ਜਲੰਧਰ ਕਮਿਸ਼ਨਰੇਟ ਪੁਲੀਸ ਨੂੰ ਇਸ ਨੇਕ ਕਾਰਜ ਲਈ ਚੁਣਿਆ ਹੈ। ਸ੍ਰੀ ਭੁੱਲਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਹਿ’ ਬਾਰੇ ਕਿਹਾ ਕਿ ਇਹ ਮੁਹਿੰਮ ਕਰੋਨਾਵਾਇਰਸ ਦੌਰਾਨ ਸੂਬੇ ਨੂੰ ਮੁੜ ਉਭਾਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਪੁਲੀਸ ਅਧਿਕਾਰੀਆਂ ਤੇ ਕਰਮੀਆਂ ਨੂੰ ‘ਮਿਸ਼ਨ ਫ਼ਤਹਿ’ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਮਿਸ਼ਨ ਦਾ ਮੁੱਖ ਮਕਸਦ ਕੋਵਿਡ-19 ਮਹਾਂਮਾਰੀ ਸਬੰਧੀ ਵੱਡੇ ਪੱਧਰ ’ਤੇ ਜਾਗਰੂਕਤਾ ਪੈਦਾ ਕਰਨਾ ਹੈ। ਕਮਿਸ਼ਨਰ ਪੁਲੀਸ ਨੇ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਕਰੋਨਾਵਾਇਰਸ ਨੂੰ ਹਰਾਉਣ ਲਈ ਆਪਣੀ ਡਿਊਟੀ ਚੰਗੀ ਤਰ੍ਹਾਂ ਨਿਭਾਉਣ ਲਈ ਸਹੁੰ ਵੀ ਚੁਕਾਈ।