ਗੁਰਮਲਕੀਅਤ ਸਿੰਘ ਕਾਹਲੋਂ
ਟੋਰਾਂਟੋ/ਵੈਨਕੂਵਰ, 20 ਮਾਰਚ
ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਵਿਚ ਪੰਜਾਬ ਪੁਲੀਸ ਵਲੋਂ ਨਾਮਜ਼ਦ ਕੀਤੇ ਗਏ ਕੈਨੇਡਾ ਰਹਿੰਦੇ ਸਨੋਵਰ ਢਿੱਲੋਂ ਦਾ ਪਿਛੋਕੜ ਠੱਗੀਆਂ, ਫਿਰੌਤੀਆਂ ਅਤੇ ਸਿਆਸੀ ਜੋੜ-ਤੋੜ ਨਾਲ ਸਬੰਧਤ ਤੇ ਉਲਝਣਾਂ ਭਰਿਆ ਰਿਹਾ ਹੈ। ਉਹ ਜੇਲ੍ਹ ਵੀ ਕੱਟ ਚੁੱਕਾ ਹੈ ਅਤੇ ਉਸ ਨੂੰ ਸਿਆਸੀ ਭੰਬੀਰੀਆਂ ਘੁੰਮਾਉਣ ’ਚ ਮਹਾਰਤ ਹਾਸਲ ਹੈ। ਵਿਧਾਨ ਸਭਾ ਚੋਣਾਂ ਲੜਨ ਦੇ ਇੱਛੁਕ ਆਗੂ ਆਪਣੀ ਟਿਕਟ ਪੱਕੀ ਕਰਨ ਲਈ ਉਸ ਦੀਆਂ ਸੇਵਾਵਾਂ ਲੈਂਦੇ ਰਹੇ ਹਨ। ਉਸ ਦੇ ਜਾਣਕਾਰਾਂ ਅਨੁਸਾਰ ਕਬੱਡੀ ਫੈਡਰੇਸ਼ਨ ਬਣਾਉਣ ਵਾਲਾ ਸਨੋਵਰ ਖੁਦ ਕਬੱਡੀ ਨਿਯਮਾਂ ਤੋਂ ਅਣਜਾਣ ਹੈ।
ਕੈਨੇਡਾ ਦੀ ਕੌਮੀ ਅਖ਼ਬਾਰ ‘ਨੈਸ਼ਨਲ ਪੋਸਟ’ ਵਿਚ ਚਾਰ ਸਾਲ ਪਹਿਲਾਂ ਉਸ ਦੀਆਂ ਗਤੀਵਿਧੀਆਂ ਵਿਸਥਾਰ ਵਿਚ ਛਪਣ ਤੋਂ ਬਾਅਦ ਨੇਤਾ ਉਸ ਤੋਂ ਮੂੰਹ ਮੋੜਨ ਲੱਗ ਪਏ ਸਨ। ਆਪਣੀ ਹੋਂਦ ਬਰਕਰਾਰ ਰੱਖਣ ਲਈ ਉਸ ਨੇ ਇਕ ਰੇਡੀਓ ਸਲਾਟ ਲੈ ਕੇ ‘ਕੈਨੇਡਾ ਸੱਥ’ ਪ੍ਰੋਗਰਾਮ ਪ੍ਰਸਾਰਿਤ ਕਰਨਾ ਸ਼ੁਰੂ ਕੀਤਾ ਸੀ ਜੋ ਖਾਸ ਪਾਰਟੀ ਦੇ ਬੁਲਾਰੇ ਦੇ ਠੱਪੇ ਕਾਰਨ ਬੰਦ ਹੋ ਗਿਆ ਸੀ। ਸੰਦੀਪ ਦੇ ਕਤਲ ਵਿਚ ਨਾਮਜ਼ਦ ਹੋਣ ਤੋਂ ਬਾਅਦ ਉਸ ਦਾ ਫੋਨ ਬੰਦ ਆ ਰਿਹਾ ਹੈ।
‘ਨੈਸ਼ਨਲ ਪੋਸਟ’ ਦੀ ਵਿਸਥਾਰਤ ਰਿਪੋਰਟ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਸਨੋਵਰ ਢਿੱਲੋਂ ਬਿਨਾਂ ਲਾਇਸੈਂਸ ਮਾਰਗੇਜ ਕੰਸਲਟੈਂਟ ਅਤੇ ਰਿਐਲਟਰ ਵਜੋਂ ਸੇਵਾਵਾਂ ਦੇਣ ਦੇ ਦੋਸ਼ ਵਿਚ ਜੁਰਮਾਨੇ ਅਤੇ ਜੇਲ੍ਹ ਕੱਟ ਚੁੱਕਾ ਹੈ। ਉਸ ’ਤੇ ਗਾਹਕਾਂ ਨਾਲ ਠੱਗੀਆਂ ਮਾਰਨ ਅਤੇ ਉਨ੍ਹਾਂ ਦੇ ਖਾਤਿਆਂ ’ਚੋਂ ਮੋਟੀਆਂ ਰਕਮਾਂ ਕਢਵਾਉਣ ਦੇ ਦੋਸ਼ ਲੱਗੇ ਹਨ। ਉਹ ਕੁਝ ਸਮਾਂ ਪੀ ਸੀ ਪਾਰਟੀ ਵਲੋਂ ਮੌਜੂਦਾ ਪ੍ਰੀਮੀਅਰ ਡੱਗ ਫੋਰਡ ਦੇ ਪਾਰਟੀ ਵਿਚਲੇ ਵਿਰੋਧੀ ਤੇ ਹੁਣ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਦਾ ਖਾਸਮ-ਖਾਸ ਰਿਹਾ ਸੀ। ਲੀਕ ਹੋਈ ਇਕ ਈ-ਮੇਲ ਰਾਹੀਂ ਖੁਲਾਸਾ ਹੋਇਆ ਸੀ ਕਿ ਉਸ ਨੇ ਹਮਿਲਟਨ ਤੋਂ ਟਿਕਟ ਦਿਵਾਉਣ ਦੇ ਝਾਂਸੇ ਹੇਠ ਕਿਸੇ ਤੋਂ 22 ਹਜ਼ਾਰ ਡਾਲਰ ਠੱਗ ਲਏ ਸਨ। ਮਿਸੀਸਾਗਾ ਹਲਕੇ ਤੋਂ ਉਸ ਨੇ ਪੰਜਾਬੀ ਪਹਿਚਾਣ ਵਾਲੇ ਸੈਂਕੜੇ ਮੈਂਬਰਾਂ ਦੀ ਭਰਤੀ ਵਿਖਾਈ ਜਿਨ੍ਹਾਂ ਦੇ ਅਤੇ-ਪਤੇ ਬਾਅਦ ਵਿਚ ਜਾਅਲੀ ਨਿਕਲੇ।