ਜਗਮੋਹਨ ਸਿੰਘ
ਰੂਪਨਗਰ, 8 ਅਪਰੈਲ
ਇੱਥੋਂ ਦੇ ਪਿੰਡ ਕੋਟਲਾ ਨਿਹੰਗ ਵਿੱਚ ਗੁਰੂ ਗੋਬਿੰਦ ਸਿੰਘ ਦੀ ਯਾਦ ਨਾਲ ਸਬੰਧਤ ਇਤਿਹਾਸਕ ਧਰੋਹਰ ਨਿਹੰਗ ਖਾਨ ਦੀ ਹਵੇਲੀ ਨੂੰ ਆਜ਼ਾਦ ਕਰਵਾਉਣ ਦਾ ਕੁਝ ਜਥੇਬੰਦੀਆਂ ਨੇ ਬੀੜਾ ਚੁੱਕ ਲਿਆ ਹੈ। ਅੱਜ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਕਿਰਤੀ ਕਿਸਾਨ ਮੋਰਚਾ ਦੇ ਆਗੂ ਕੁਝ ਨਿਹੰਗ ਸਿੰਘ ਜਥੇਬੰਦੀਆਂ ਨੂੰ ਨਾਲ ਲੈ ਕੇ ਨਿਹੰਗ ਖਾਂ ਦੀ ਹਵੇਲੀ ਵਿੱਚ ਦਾਖਲ ਹੋ ਗਏ। ਇਨ੍ਹਾਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰੋਹਿਤ ਕੁਮਾਰ, ਕਿਰਤੀ ਕਿਸਾਨ ਮੋਰਚਾ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਵੀਰ ਸਿੰਘ ਬੜਵਾ, ਜਥੇਦਾਰ ਸੰਤੋਖ ਸਿੰਘ ਅਸਮਾਨਪੁਰ, ਅਵਤਾਰ ਸਿੰਘ ਤੇ ਦਵਿੰਦਰ ਸਰਥਲੀ ਆਦਿ ਸ਼ਾਮਲ ਸਨ।
ਇਨ੍ਹਾਂ ਆਗੂਆਂ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦੋਸ਼ ਲਗਾਇਆ ਕਿ ਇਹ ਜਗ੍ਹਾ ਲਾਲ ਲਕੀਰ ਦੇ ਅੰਦਰ ਹੈ। ਸਦੀਆਂ ਤੋਂ ਖੰਡਰ ਤੇ ਬੇਆਬਾਦ ਪਈ ਹੈ। ਕੁਝ ਵਿਅਕਤੀ ਬਿਨਾਂ ਸਬੂਤਾਂ ਤੋਂ ਇਹ ਹਵੇਲੀ ਵੇਚ ਕੇ ਕਰੋੜਾਂ ਰੁਪਏ ਵੱਟਣਾ ਚਾਹੁੰਦੇ ਹਨ। ਇਸ ਦੌਰਾਨ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੁੰ ਚੁਣੌਤੀ ਦਿੱਤੀ ਕਿ ਖੁਦ ਨੂੰ ਹਵੇਲੀ ਦੇ ਮਾਲਕ ਅਖਵਾਉਣ ਵਾਲੇ ਵਿਅਕਤੀ ਮਾਲਕੀ ਸਬੰਧੀ ਪੁਖਤਾ ਸਬੂਤ ਪੇਸ਼ ਕਰਨ। ਬਿਨਾਂ ਸਬੂਤਾਂ ਤੋਂ ਕਿਸੇ ਵਿਅਕਤੀ ਨੂੰ ਇਤਿਹਾਸਿਕ ਧਰੋਹਰ ’ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਆਗੂਆਂ ਨੇ ਐਲਾਨ ਕੀਤਾ ਕਿ ਹਵੇਲੀ ਦੀ ਸੰਭਾਲ ਲਈ ਸਿੱਖ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਟਰੱਸਟ ਬਣਾਇਆ ਜਾਵੇਗਾ।
ਦੂਜੀ ਧਿਰ ਤੋਂ ਮਾਲਕੀ ਸਬੰਧੀ ਸਬੂਤ ਮੰਗੇ: ਐੱਸਡੀਐੱਮ
ਐੱਸਡੀਐੱਮ ਗੁਰਵਿੰਦਰ ਸਿੰਘ ਜੌਹਲ ਤੇ ਐੱਸਪੀ (ਡੀ) ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਦੂਜੀ ਧਿਰ ਤੋਂ ਮਾਲਕੀ ਸਬੰਧੀ ਸਬੂਤ ਮੰਗੇ ਲਏ ਹਨ। 15 ਦਿਨਾਂ ਅੰਦਰ ਮਸਲਾ ਹੱਲ ਕਰ ਦਿੱਤਾ ਜਾਵੇਗਾ।