ਜਸਵੰਤ ਜੱਸ
ਫਰੀਦਕੋਟ, 27 ਅਕਤੂਬਰ
ਜ਼ਿਲ੍ਹੇ ਦੇ ਤਿੰਨ ਕਿਸਾਨਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੇ 10 ਵਿਅਕਤੀਆਂ ਖ਼ਿਲਾਫ਼ ਫਰਜ਼ੀ ਦਸਤਾਵੇਜ਼ ਬਣਾ ਕੇ 36 ਕਿੱਲੇ ਜ਼ਮੀਨ ਵੇਚਣ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਦੀ 12 ਕਿੱਲੇ ਜ਼ਮੀਨ ਗੁੱਜਰ ਪਿੰਡ ਵਿੱਚ ਸੀ ਅਤੇ ਉਸ ਦੀ ਕਰੀਬ 10 ਸਾਲ ਪਹਿਲਾਂ ਮੌਤ ਹੋ ਗਈ ਸੀ। ਸੁਖਦੇਵ ਸਿੰਘ ਦੇ ਲੜਕੇ ਭੋਲਾ ਸਿੰਘ ਤੇ ਅਮਰੀਕ ਸਿੰਘ ਨੇ ਪੁਲੀਸ ਨੂੰ ਕੀਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਪਰਮਪਾਲ ਸਿੰਘ, ਸੁਖਦੇਵ ਸਿੰਘ, ਖੁਸ਼ਵੰਤ ਪਾਲ ਸਿੰਘ ਅਤੇ ਜਗਦੀਸ਼ ਸਿੰਘ ਨੇ ਕਥਿਤ ਤੌਰ ’ਤੇ ਉਨ੍ਹਾਂ ਦੇ ਪਿਤਾ ਦਾ ਜਾਅਲੀ ਮੁਖਤਿਆਰਨਾਮਾ ਬਣਾ ਕੇ ਉਨ੍ਹਾਂ ਦੀ 12 ਕਿੱਲੇ ਜ਼ਮੀਨ ਗੈਰਕਾਨੂੰਨੀ ਤਰੀਕੇ ਨਾਲ ਵੇਚ ਦਿੱਤੀ। ਇਸੇ ਤਰ੍ਹਾਂ 80 ਸਾਲਾ ਬਜ਼ੁਰਗ ਔਰਤ ਹਰਦਿਆਲ ਕੌਰ ਵਾਸੀ ਪਿੰਡ ਮੁਮਾਰਾ ਜ਼ਿਲ੍ਹਾ ਫਰੀਦਕੋਟ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਨਵਜਿੰਦਰ ਸਿੰਘ, ਬਲਵੀਰ ਸਿੰਘ, ਸਫਦਰਪਾਲ ਸਿੰਘ, ਵਿਜੇਪਾਲ ਸਿੰਘ ਅਤੇ ਦਵਿੰਦਰ ਪਾਲ ਨੇ ਕਥਿਤ ਤੌਰ ’ਤੇ ਹਮਸਲਾਹ ਹੋ ਕੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਉਸ ਦੀ ਪਿੰਡ ਵਿੱਚ 24 ਕਿੱਲੇ ਜ਼ਮੀਨ ਗੈਰਕਾਨੂੰਨੀ ਤਰੀਕੇ ਨਾਲ ਵੇਚ ਦਿੱਤੀ। ਹਰਦਿਆਲ ਕੌਰ ਨੇ ਇਸ ਜਾਅਲਸਾਜ਼ੀ ਵਿੱਚ ਮਾਲ ਅਧਿਕਾਰੀਆਂ ਦੇ ਸ਼ਾਮਿਲ ਹੋਣ ਦਾ ਵੀ ਦੋਸ਼ ਲਾਇਆ। ਇਨ੍ਹਾਂ ਮੁਲਜ਼ਮਾਂ ਨੇ ਹਰਦਿਆਲ ਕੌਰ ਦੀ ਥਾਂ ’ਤੇ ਕਿਸੇ ਹੋਰ ਔਰਤ ਨੂੰ ਖੜ੍ਹਾ ਕਰਕੇ 24 ਕਿੱਲੇ ਜ਼ਮੀਨ ਦੀ ਰਜਿਸਟਰੀ ਆਪਣੇ ਨਾਮ ਕਰਵਾ ਲਈ। ਇਹ ਸਾਰੀ ਜ਼ਮੀਨ ਦੀ ਕੀਮਤ ਕਰੋੜਾਂ ਰੁਪਏ ਹੈ। ਕ੍ਰਾਈਮ ਬਰਾਂਚ ਐੱਸ.ਏ.ਐੱਸ ਨਗਰ ਮੁਹਾਲੀ ਨੇ ਪਰਮਪਾਲ ਸਿੰਘ, ਸੁਖਦੇਵ ਸਿੰਘ, ਖੁਸ਼ਵੰਤ ਪਾਲ ਸਿੰਘ, ਜਗਦੀਸ਼ ਸਿੰਘ, ਨਵਜਿੰਦਰ ਸਿੰਘ, ਬਲਵੀਰ ਸਿੰਘ, ਸਫਦਰਪਾਲ ਸਿੰਘ, ਵਿਜੇਪਾਲ ਨੰਬਰਦਾਰ ਅਤੇ ਦਵਿੰਦਰ ਪਾਲ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਹੈ। ਇਸ ਧੋਖਾਧੜੀ ਦੇ ਕੇਸ ਵਿੱਚ ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਕ੍ਰਾਈਮ ਬਰਾਂਚ ਮੁਹਾਲੀ ਇਸ ਮਾਮਲੇ ਦੀ ਹੁਣ ਖੁਦ ਪੜਤਾਲ ਕਰ ਰਹੀ ਹੈ।