ਆਤਿਸ਼ ਗੁਪਤਾ
ਚੰਡੀਗੜ੍ਹ, 1 ਅਗਸਤ
ਚੰਡੀਗੜ੍ਹ ਦੇ ਸੈਕਟਰ-4 ਸਥਿਤ ਪੰਜਾਬ ਐੱਮਐੱਲਏ ਹੋਸਟਲ ਦੀ ਪਾਰਕਿੰਗ ਵਿੱਚ ਖੜ੍ਹੀ ਕਾਰ ’ਚ ਅੱਜ ਵੱਡੇ ਤੜਕੇ ਭੇਤਭਰੀ ਹਾਲਤ ’ਚ ਗੋਲੀ ਚੱਲਣ ਕਾਰਨ ਪੰਜਾਬ ਪੁਲੀਸ ਦੇ ਸਿਪਾਹੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਿਮਰਨਜੀਤ ਸਿੰਘ (23) ਵਜੋਂ ਹੋਈ ਹੈ, ਜੋ ਪੰਜਾਬ ਪੁਲੀਸ ਦੀ 82ਵੀਂ ਬਟਾਲੀਅਨ ਵਿੱਚ ਸਿਪਾਹੀ ਵਜੋਂ ਤਾਇਨਾਤ ਸੀ ਅਤੇ ਅੱਜਕੱਲ੍ਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ’ਚ ਤਾਇਨਾਤ ਸੀ। ਜਾਣਕਾਰੀ ਅਨੁਸਾਰ ਅੱਜ ਤੜਕੇ ਕਰੀਬ ਢਾਈ ਵਜੇ ਪੰਜਾਬ ਐੱਮਐੱਲਏ ਹੋਸਟਲ ਦੀ ਪਾਰਕਿੰਗ ਵਿੱਚ ਖੜ੍ਹੀ ਇਕ ਕਾਰ ’ਚ ਪੰਜਾਬ ਪੁਲੀਸ ਦਾ ਸਿਪਾਹੀ ਸਿਮਰਨਜੀਤ ਲਹੂ-ਲੁਹਾਣ ਹੋਇਆ ਪਿਆ ਸੀ। ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮਾਂ ਨੇ ਊਸ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਊਸ ਨੂੰ ਮ੍ਰਿਤ ਐਲਾਨ ਦਿੱਤਾ। ਥਾਣਾ ਸੈਕਟਰ-3 ਦੇ ਮੁਖੀ ਸ਼ੇਰ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਦੇ ਗੋਲੀ ਊਸ ਦੀ ਸਰਕਾਰੀ ਪਿਸਤੌਲ ’ਚੋਂ ਵੱਜੀ ਹੈ, ਜੋ ਉਸ ਦੇ ਗਲੇ ਤੋਂ ਹੁੰਦੀ ਹੋਈ ਸਿਰ ਵਿੱਚੋਂ ਨਿਕਲ ਗਈ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਪੁਲੀਸ ਨੇ ਲਾਸ਼ ਪੀਜੀਆਈ ਦੇ ਮੁਰਦਾਘਰ ਵਿੱਚ ਰੱਖ ਦਿੱਤੀ ਹੈ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।