ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਅਕਤੂਬਰ
ਸਿੰਘੂ ਮੋਰਚੇ ’ਤੇ ਵਾਪਰੀ ਕਤਲ ਦੀ ਘਟਨਾ ਤੋਂ ਪਹਿਲਾਂ ਵੀ ਕਥਿਤ ਨਿਹੰਗ ਕੁੱਟਮਾਰ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦੇ ਚੁੱਕੇ ਹਨ। ਦਰਅਸਲ ਸਿੰਘੂ ਮੋਰਚੇ ’ਤੇ ਨਿਹੰਗਾਂ ਦੇ ਕਈ ਧੜੇ ਬੈਠੇ ਹੋਏ ਹਨ। ਕਤਲ ਦੀ ਘਟਨਾ ਤੋਂ ਪਹਿਲਾਂ ਕੁਝ ਕਥਿਤ ਨਿਹੰਗਾਂ ਵੱਲੋਂ ਆਟੋ ਭੰਨਣ, ਸਥਾਨਕ ਲੋਕਾਂ ਨਾਲ ਦੁਰਵਿਹਾਰ ਕਰਨ, ਬਾਂਦਰ ਦਾ ਬੱਚਾ ਲੈ ਕੇ ਆਪਣੇ ਬੱਚਿਆਂ ਨਾਲ ਜਾ ਰਹੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਸਮੇਤ ਸਿੰਘੂ ਮੋਰਚੇ ਦੀ ਮੁੱਖ ਸਟੇਜ ਦੇ ਆਲੇ-ਦੁਆਲੇ ਲਾਏ ਪੀਲੇ ਰੰਗ ਦੇ ਬੈਰੀਕੇਡਾਂ ’ਤੇ ਕਿਰਪਾਨ ਮਾਰਨ ਵਰਗੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਹਾਲਾਂਕਿ ਇੱਥੇ ਬੈਠੇ ਬਹੁਤੇ ਨਿਹੰਗ ਸ਼ਾਂਤਮਈ ਹਨ ਪਰ ਕੁਝ ਗਰਮ ਸੁਭਾਅ ਦੇ ਕਥਿਤ ਨੌਜਵਾਨ ਨਿਹੰਗ ਆਮ ਲੋਕਾਂ ਨਾਲ ਖਹਬਿੜਦੇ ਰਹੇ ਹਨ।
ਕਿਸਾਨ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਕਥਿਤ ਨਿਹੰਗਾਂ ਨਾਲ ਜੁੜੇ ਕਈ ਮਸਲੇ ਸੰਯੁਕਤ ਕਿਸਾਨ ਮੋਰਚੇ ਨੂੰ ਨਜਿੱਠਣੇ ਪਏ ਹਨ। ਬਿਜਲੀ ਦੇ ਬਿੱਲ ਤਾਰਨੇ ਪਏ, ਜ਼ਖ਼ਮੀ ਦਾ ਇਲਾਜ ਵੀ ਕਰਵਾਉਣਾ ਪਿਆ ਸੀ। ਕਿਸਾਨ ਆਗੂ ਰਮਿੰਦਰ ਸਿੰਘ ਨੇ ਦੱਸਿਆ ਕਿ ਨਿਹੰਗ ਦੱਸੇ ਜਾਣ ਵਾਲੇ ਲੋਕਾਂ ਦੀਆਂ ਹਰਕਤਾਂ ਕਾਰਨ ਜਿੱਥੇ ਮੋਰਚੇ ਨੂੰ ਆਰਥਿਕ ਨੁਕਸਾਨ ਹੋਇਆ ਹੈ ਉੱਥੇ ਹੀ ਸਥਾਨਕ ਲੋਕਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪਈ। ਕੁੰਡਲੀ ’ਤੇ ਨਾਬਾਲਗ ਦੇ ਹੱਥ ਉੱਪਰ ਗੰਭੀਰ ਸੱਟ ਮਾਰੀ।
ਉਨ੍ਹਾਂ ਦੱਸਿਆ ਕਿ ਇੱਕ ਆਟੋ-ਰਿਕਸ਼ਾ ਚਾਲਕ ਦਾ ਸਿਰ ਕੜਾ ਮਾਰ ਕੇ ਪਾੜ ਦਿੱਤਾ ਗਿਆ ਤੇ ਕੁੰਡਲੀ ਨੇੜੇ ਇਕ ਖੇਤ ਵਿੱਚੋਂ ਬਿਨਾਂ ਪੁੱਛੇ ਪੱਠੇ ਵੱਢਣ ਦਾ ਮਾਮਲਾ ਵੀ ਮੋਰਚੇ ਦੇ ਆਗੂਆਂ ਕੋਲ ਆਇਆ ਸੀ। ਹਜ਼ੂਰ ਸਾਹਿਬ ਵਾਲਿਆਂ ਦੇ ਲੰਗਰ ਵਿਖੇ ਸੇਵਾਦਾਰ ਦਾ ਹੱਥ ਜ਼ਖ਼ਮੀ ਕਰ ਦਿੱਤਾ ਗਿਆ। ਸਿੰਘੂ ਬਾਰਡਰ ’ਤੇ ਇੱਕ ਵਿਅਕਤੀ ਦੀ ਦੁਕਾਨ ’ਚ ਜਬਰੀ ਤੂੜੀ ਭਰ ਦਿੱਤੀ ਗਈ। ਇਸ ਤੋਂ ਇਲਾਵਾ ਬਿਜਲੀ ਦੀ ਮੋਟਰ ਦਾ 74 ਹਜ਼ਾਰ ਦਾ ਬਿੱਲ ਮੋਰਚੇ ਨੂੰ ਤਾਰਨਾ ਪਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮੋਰਚੇ ਨੂੰ ਕਥਿਤ ਨਿਹੰਗਾਂ ਕਾਰਨ ਇਲਾਜ ਤੇ ਹੋਰ ਮੱਦਾਂ ਲਈ ਚਾਰ ਲੱਖ ਰੁਪਏ ਖਰਚ ਕਰਨੇ ਪਏ ਹਨ। ਬਾਕੀ ਤੱਥ ਖੋਜ ਕਮੇਟੀ ਸਾਹਮਣੇ ਲਿਆਵੇਗੀ।
ਅਜੈ ਮਿਸ਼ਰਾ ਤੋਂ ਫ਼ੌਜੀਆਂ ਦਾ ਸਨਮਾਨ ਕਰਵਾਉਣ ਦੇ ਫ਼ੈਸਲੇ ਦੀ ਨਿਖੇਧੀ
ਟਿਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਸਟੇਜ ਤੋਂ ਬਸੰਤ ਸਿੰਘ ਕੋਠਾ ਗੁਰੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਖੀਮਪੁਰ ਖੀਰੀ ਹਿੰਸਾ ਦੇ ਮੁੱਖ ਦੋਸ਼ੀ ਅਜੈ ਮਿਸ਼ਰਾ ਨੂੰ 23 ਅਕਤੂਬਰ ਵਾਲੇ ਦਿਨ ਬੀਐੱਸਐੱਫ ਦੇ ਯਾਦਗਾਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਿਊਟੀ ਲਾ ਕੇ ਸੀਮਾ ਸੁਰੱਖਿਆ ਬਲ ਦੇ ਫੌਜੀਆਂ ਦਾ ਸਨਮਾਨ ਕਰਨ ਦਾ ਜੋ ਕੇਂਦਰ ਸਰਕਾਰ ਨੇ ਫ਼ੈਸਲਾ ਕੀਤਾ ਹੈ, ਉਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਕਿਸਾਨ ਆਗੂ ਅਮਰਜੀਤ ਸਿੰਘ ਸੈਦੋਕੇ ਤੇ ਇੰਦਰਜੀਤ ਸਿੰਘ ਝੱਬਰ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਲੀਹੋਂ ਲਾਹੁਣ ਲਈ ਕੇਂਦਰ ਦੀ ਭਾਜਪਾ ਸਰਕਾਰ ਨੇ ਬਹੁਤ ਸਾਰੀਆਂ ਚਾਲਾਂ ਚੱਲੀਆਂ। ਇਸੇ ਦੌਰਾਨ ਸੁਖਜੀਤ ਕੌਰ ਬਠਿੰਡਾ ਨੇ ਗੁਲਾਬੀ ਸੁੰਡੀ ਕਾਰਨ ਨੁਕਸਾਨੀ ਨਰਮੇ ਦੀ ਫ਼ਸਲ ਲਈ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਕਿਰਪਾਨ ਮਾਰਨ ਵਾਲੇ ਨੂੰ ਪੁਲੀਸ ਹਵਾਲੇ ਕਰ ਚੁੱਕੇ ਹਾਂ: ਨਿਹੰਗ ਆਗੂ
ਨਿਹੰਗ ਆਗੂ ਰਾਜਾ ਰਾਜ ਸਿੰਘ ਨੇ ਕਿਹਾ ਕਿ ਨਿਹੰਗਾਂ ਦੇ ਵੱਖ-ਵੱਖ ਸੁਭਾਅ ਹੁੰਦੇ ਹਨ ਤੇ ਕੁਝ ਲੋਕ ਬਾਹਰੋਂ ਵੀ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਰਪਾਨ ਮਾਰਨ ਵਾਲੇ ਇਕ ਨਿਹੰਗ ਨੂੰ ਪੁਲੀਸ ਹਵਾਲੇ ਵੀ ਕੀਤਾ ਗਿਆ ਸੀ। ਉਨ੍ਹਾਂ ਕਈ ਅਜਿਹੇ ਨਿਹੰਗਾਂ ਨੂੰ ਕੁੱਟਿਆ ਵੀ ਹੈ, ਜਿਨ੍ਹਾਂ ਬਾਰੇ ਆਮ ਲੋਕਾਂ ਨਾਲ ਦੁਰਵਿਹਾਰ ਕਰਨ ਦਾ ਪਤਾ ਲੱਗਿਆ ਸੀ।