ਰਾਮ ਗੋਪਾਲ ਰਾਏਕੋਟੀ
ਰਾਏਕੋਟ, 28 ਅਕਤੂਬਰ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ ਬਾਰ੍ਹਵੀਂ ਜਮਾਤ ਦੀ ਓਪਨ ਸਕੂਲ ਦੀ ਲਈ ਜਾ ਰਹੀ ਸਪਲੀਮੈਂਟਰੀ, ਗੋਲਡਨ ਚਾਂਸ ਤੇ ਵਾਧੂ ਵਿਸ਼ਿਆਂ ਦੀ ਪ੍ਰੀਖਿਆ ਤਹਿਤ ਅੱਜ ਬਾਰ੍ਹਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਸੀ ਪਰ ਸਿੱਖਿਆ ਵਿਭਾਗ ਦੀ ਕਥਿਤ ਲਾਪ੍ਰਵਾਹੀ ਕਾਰਨ ਕੁਝ ਬੱਚੇ ਪ੍ਰੀਖਿਆ ’ਚ ਨਹੀਂ ਬੈਠ ਸਕੇ।
ਜਾਣਕਾਰੀ ਅਨੁਸਾਰ ਅੱਜ 1-2 ਵਜੇ ਦੇ ਕਰੀਬ ਕੁਝ ਵਿਦਿਆਰਥੀ ਜਦੋਂ ਐੱਸਜੀਜੀਸੀ ਸੈਕੰਡਰੀ ਸਕੂਲ ਗੋਂਦਵਾਲ ਵਿੱਚ ਪ੍ਰੀਖਿਆ ਦੇਣ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਪ੍ਰੀਖਿਆ 11 ਵਜੇ ਸ਼ੁਰੂ ਹੋ ਚੁੱਕੀ ਹੈ, ਜਦਕਿ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਵੱਲੋਂ ਜਾਰੀ ਰੋਲ ਨੰਬਰ ਸਲਿੱਪ ’ਤੇ ਪ੍ਰੀਖਿਆ ਦਾ ਸਮਾਂ 2 ਵਜੇ ਤੋਂ ਸ਼ਾਮ 5:15 ਤੱਕ ਦਾ ਲਿਖਿਆ ਹੋਇਆ ਸੀ।
ਇਸ ਸਬੰਧੀ ਪ੍ਰੀਖਿਆ ਕੇਂਦਰ ਦੇ ਸੁਪਰਡੈਂਟ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਪ੍ਰੀਖਿਆ ਕੇਂਦਰ ’ਚ ਕੁੱਲ 52 ਬੱਚਿਆਂ ਨੇ ਪ੍ਰੀਖਿਆ ਦੇਣੀ ਸੀ, ਪਰ 41 ਬੱਚੇ ਹੀ ਪ੍ਰੀਖਿਆ ਦੇਣ ਪੁੱਜੇ, ਜਦਕਿ ਦੋ ਬੱਚੇ ਰੋਲ ਨੰਬਰ ਸਲਿੱਪ ’ਤੇ ਸਮਾਂ ਗ਼ਲਤ ਲਿਖਿਆ ਹੋਣ ਕਾਰਨ ਪ੍ਰੀਖਿਆ ’ਚ ਬੈਠ ਨਹੀਂ ਸਕੇ।
ਵਿਭਾਗ ਦੀ ਇਸ ਗ਼ਲਤੀ ਬਾਰੇ ਜਦੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਸਵਰਨਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਲਈ ਪ੍ਰੀਖਿਆਰਥੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਇਹ ਬੱਚਿਆਂ ਦੀ ਗ਼ਲਤੀ ਹੈ ਕਿ ਉਨ੍ਹਾਂ ਵਿਭਾਗ ਵੱਲੋਂ ਬਾਅਦ ਵਿੱਚ ਅੱਪਡੇਟ ਕੀਤੀ ਹੋਈ ਰੋਲ ਨੰਬਰ ਸਲਿੱਪ ਡਾਊਨਲੋਡ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਵਿਭਾਗ ਦੀ ਵੈੱਬਸਾਈਟ ’ਤੇ ਪ੍ਰੀਖਿਆ ਦਾ ਸਮਾਂ (2 ਤੋਂ 5:15 ਵਜੇ) ਗ਼ਲਤ ਛਪ ਗਿਆ ਸੀ, ਜਿਸ ਨੂੰ ਬਾਅਦ ਵਿੱਚ ਵਿਭਾਗ ਵੱਲੋਂ ਸੋਧ ਦਿੱਤਾ (11 ਵਜੇ ਤੋਂ 2:15) ਗਿਆ ਸੀ। ਇਸ ਲਈ ਪ੍ਰੀਖਿਆਰਥੀਆਂ ਨੂੰ ਨਵੀਂ ਰੋਲ ਨੰਬਰ ਸਲਿੱਪ ਡਾਊਨਲੋਡ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਜੋ ਵਿਦਿਆਰਥੀ ਪੇਪਰ ਦੇਣ ਤੋਂ ਖੁੰਝ ਗਏ ਹਨ, ਉਹ ਡੇਟਸ਼ੀਟ ’ਤੇ ਲਿਖੇ ਵਿਭਾਗ ਦੇ ਹੈਲਪਲਾਈਨ ਨੰਬਰ ’ਤੇ ਸੰਪਰਕ ਕਰ ਕੇ ਆਪਣੀ ਸਮੱਸਿਆ ਬਾਰੇ ਦੱਸ ਸਕਦੇ ਹਨ। ਵਿਭਾਗ ਵੱਲੋਂ ਉਨ੍ਹਾਂ ਲਈ ਪ੍ਰੀਖਿਆ ਦੀਆਂ ਨਵੀਆਂ ਤਾਰੀਖਾਂ ਦਾ ਐਲਾਨ ਕੀਤਾ ਜਾਵੇਗਾ।