ਪੱਤਰ ਪ੍ਰੇਰਕ
ਟੋਹਾਣਾ, 9 ਜੂਨ
ਬਾਲਸਮੰਦ ਅਨਾਜ ਮੰਡੀ ਵਿੱਚ ਭਾਜਪਾ ਦੀ ਮਹਿਲਾ ਆਗੂ ਵੱਲੋਂ ਮਾਰਕੀਟ ਕਮੇਟੀ ਹਿਸਾਰ ਦੇ ਸਕੱਤਰ ਦੀ ਸ਼ਰੇਆਮ ਕੁੱਟਮਾਰ ਕਰਨ ਦੇ ਦਰਜ ਹੋਏ ਮਾਮਲੇ ਵਿੱਚ ਪੁਲੀਸ ਜਾਂਚ ਤੋਂ ਇਲਾਵਾ ਮਾਮਲੇ ਦੀ ਪੜਤਾਲ ਲਈ ਮਹਿਲਾ ਕਮਿਸ਼ਨ ਦੀ ਟੀਮ ਹਿਸਾਰ ਪੁੱਜੀ। ਚੇਅਰਪਰਸਨ ਪ੍ਰਤਿਭਾ ਸੁਮਨ ਨੇ ਐਸ.ਪੀ. ਗੰਗਾਰਾਮ ਤੇ ਮਹਿਲਾ ਡੀਐਸਪੀ ਭਾਰਤੀ ਡਬਾਸ ਤੋਂ ਇਲਾਵਾ ਟਿਕ ਟੌਕ ਸਟਾਰ ਸੋਲਾਨੀ ਫੌਗਾਟ ਤੋਂ ਸਵਾਲ ਪੁੱਛੇ। ਸੋਨਾਲੀ ਫੌਗਾਟ ਨੇ ਮਹਿਲਾ ਕਮਿਸ਼ਨ ਨੂੰ 8 ਮਿੰਟ ਦੀ ਵੀਡੀਓ ਰਿਕਾਰਡਿੰਗ ਸੁਣਾਈ। ਫੌਗਾਟ ਨੇ ਸਕੱਤਰ ’ਤੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਲਾਏ। ਵਾਇਰਲ ਵੀਡੀਓ ਤੇ ਆਡੀਓ ਸੁਣਨ ਤੋਂ ਬਾਅਦ ਚੇਅਰਪਰਸਨ ਨੇ ਕਿਹਾ ਕਿ ਲਗਦਾ ਹੈ ਕਿ ਫੌਗਾਟ ਨੇ ਸਹੀ ਕੀਤਾ ਹੈ। ਚੇਅਰਪਰਸਨ ਨੇ ਦੱਸਿਆ ਕਿ ਪੁਲੀਸ ਵੱਲੋਂ ਇਕੱਠੇ ਕੀਤੇ ਗਏ ਸਬੂਤਾਂ ਨੂੰ ਅਪਡੇਟ ਕਰਨ ਲਈ ਐਸਪੀ ਨੂੰ ਵੀ ਬੁਲਾਇਆ ਗਿਆ ਸੀ। ਮੰਡੀ ਬਾਲਸਮੰਦ ਵਿੱਚ ਇਸ ਘਟਨਾ ਦਾ 9 ਮਿੰਟ ਦਾ ਇਕ ਹੋਰ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਸਕੱਤਰ ਸੁਲਤਾਨ ਸਿੰਘ ਦੀ ਕੁੱਟਮਾਰ ਹੋ ਰਹੀ ਹੈ ਤੇ ਉਸ ਦੇ ਪਿੱਛੇ ਨੌਜਵਾਨ ਦੌੜਦੇ ਨਜ਼ਰ ਆ ਰਹੇ ਹਨ।