ਪਾਲ ਸਿੰਘ ਨੌਲੀ
ਜਲੰਧਰ, 10 ਦਸੰਬਰ
ਦਿੱਲੀ ਦੀਆਂ ਬਰੂਹਾਂ ’ਤੇ ਮੋਰਚਾ ਲਾਈ ਬੈਠੇ ਕਿਸਾਨਾਂ ਦੇ ਇਕੱਠਾਂ ਵਿੱਚ ਲੋਕ ਕਵੀ ਸੰਤ ਰਾਮ ਉਦਾਸੀ ਦੇ ਗੀਤਾਂ ਦੀ ਗੂੰਜ ਪੈ ਰਹੀ ਹੈ। ਅੱਧੀ ਸਦੀ ਪਹਿਲਾਂ ਸੰਤ ਰਾਮ ਉਦਾਸੀ ਵੱਲੋਂ ਸਰਮਾਏਦਾਰੀ ਵਿਰੁੱਧ ਬੁਲੰਦ ਕੀਤੀ ਆਵਾਜ਼ ਅੱਜ ਹੋਰ ਵੀ ਉੱਚੀ ਹੋ ਰਹੀ ਹੈ। ਸਿੰਘੂ ਤੇ ਟਿਕਰੀ ਹੱਦਾਂ ’ਤੇ ਲੱਗੇ ਕਿਸਾਨੀ ਮੋਰਚਿਆਂ ਵਿੱਚ ਕਲਾਕਾਰ ਇਨ੍ਹਾਂ ਗੀਤਾਂ ਨੂੰ ਚਾਅ ਨਾਲ ਗਾ ਰਹੇ ਹਨ ਤੇ ਨਵੀਂ ਪੀੜ੍ਹੀ ਜਦੋਂ ਇਨ੍ਹਾਂ ਗੀਤਾਂ ਨੂੰ ਸੁਣਦੀ ਹੈ ਤਾਂ ਹੈਰਾਨ ਹੋ ਰਹੀ ਹੈ ਕਿ 50 ਸਾਲ ਪਹਿਲਾਂ ਵੀ ਇਹੋ ਜਿਹੇ ਹੀ ਹਾਲਾਤ ਸਨ ਜਦੋਂ ਸੀਰੀ ਤੇ ਜੱਟ ਦਾ ਸ਼ੋਸ਼ਣ ਹੋ ਰਿਹਾ ਸੀ ਤੇ ਉਨ੍ਹਾਂ ਨੂੰ ਮੰਦਹਾਲੀ ਵੱਲ ਧੱਕਿਆ ਜਾ ਰਿਹਾ ਸੀ। ਉਨ੍ਹਾਂ ਦੀਆਂ ਖੁਸ਼ੀਆਂ ਨੂੰ ਸ਼ਾਹੂਕਾਰ ਪੈਰਾਂ ਹੇਠ ਰੋਲ ਰਹੇ ਸਨ। ਟਿਕਰੀ ਮੋਰਚੇ ’ਤੇ ਗਾਇਕ ਰਵਿੰਦਰ ਗਰੇਵਾਲ ਨੇ ਜਦੋਂ ਸਟੇਜ ਤੋਂ ਸੰਤ ਰਾਮ ਉਦਾਸੀ ਦਾ ਗੀਤ ‘ਦਿੱਲੀਏ ਦਿਆਲਾ ਦੇਖ ਦੇਗ਼ ’ਚ ਉਬਲਦਾ ਨੀਂ, ਹਾਲੇ ਤੇਰਾ ਦਿਲ ਨਾ ਠਰੇ….ਪਿੰਡਾਂ ਵਿੱਚੋਂ ਤੁਰੇ ਹੋਏ ਪੁੱਤ ਨੀਂ ਬਹਾਦਰਾਂ ਦੇ, ਤੇਰੇ ਮਹਿਲੀਂ ਵੜੇ ਕਿ ਵੜੇ’ ਗਾਇਆ ਤਾਂ ਵੱਡੀ ਗਿਣਤੀ ’ਚ ਬੈਠੇ ਕਿਰਤੀ ਤੇ ਕਿਸਾਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਤੁਰੇ। ਪਹਿਲੇ ਦਿਨ ਤੋਂ ਹੀ ਮੋਰਚੇ ’ਚ ਡਟੇ ਹੋਏ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਸੰਤ ਰਾਮ ਉਦਾਸੀ ਨੇ ਉਦੋਂ ਵੀ ਆਪਣੇ ਗੀਤਾਂ ਰਾਹੀਂ ਜਵਾਨੀ ਨੂੰ ਹਾਕ ਮਾਰੀ ਸੀ। ਲਾਇਲਪੁਰ ਖਾਲਸਾ ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਗੋਪਾਲ ਸਿੰਘ ਬੁੱਟਰ ਨੇ ਕਿਹਾ ਕਿ ਇਹ ਗੀਤ ਕਿਰਤ, ਗਰੀਬੀ, ਸਰਮਾਏਦਾਰੀ, ਗੁਲਾਮੀ, ਨਾ ਬਰਾਬਰੀ ਤੇ ਸ਼ੋਸ਼ਣ ਦੀ ਬਾਤ ਪਾਉਂਦੇ ਹਨ।