ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਜਨਵਰੀ
ਬੌਲੀਵੁੱਡ ਅਦਾਕਾਰ ਅਤੇ ਸਮਾਜ ਸੇਵੀ ਕਾਰਜਾਂ ਕਰਕੇ ਕੌਮਾਂਤਰੀ ਪੱਧਰ ’ਤੇ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੇ ਲੰਮੀ ਜੱਕੋ-ਤੱਕੀ ਮਗਰੋਂ ਆਖਰਕਾਰ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਇਥੇ ਮਾਲਵਿਕਾ ਦੀ ਰਿਹਾਇਸ਼ ’ਤੇ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕੀਤਾ। ਇਸ ਮੌਕੇ ਸਿੱਧੂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਦੇ ਸਵਾਲ ਤੋਂ ਕਿਨਾਰਾ ਕਰ ਗਏ ਪਰ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਜ਼ਮਾਨਤ ਭਾਵੇਂ ਮਿਲ ਗਈ ਹੈ ਪਰ ਮਜੀਠੀਆ ਖ਼ਿਲਾਫ਼ ਹਾਲੇ ਕੇਸ ਬਾਕੀ ਹੈ। ਮੋਗਾ ਤੋਂ ਮਾਲਵਿਕਾ ਨੂੰ ਟਿਕਟ ਦੇਣ ਦੀ ਚਰਚਾ ਨਾਲ ਕਾਂਗਰਸ ਦੇ ਦੋਫ਼ਾੜ ਹੋਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਕਾਂਗਰਸ ਵਿਧਾਇਕ ਡਾ. ਹਰਜੋਤ ਕਮਲ ਨੂੰ ਜਲਦੀ ਮਨਾ ਲਿਆ ਜਾਵੇਗਾ। ਇਸ ਦੌਰਾਨ ਕਾਂਗਰਸ ਵਿਧਾਇਕ ਡਾ. ਹਰਜੋਤ ਕਮਲ ਨੇ ਸਮਰਥਕਾਂ ਨਾਲ ਆਪਣੇ ਨਿਵਾਸ ਤੋਂ ਚੌਕ ਤੱਕ ਰੋਹ ਭਰਪੂਰ ਮਾਰਚ ਵੀ ਕੱਢਿਆ। ਮਾਲਵਿਕਾ ਦੇ ਕਾਂਗਰਸ ’ਚ ਸ਼ਾਮਲ ਹੋਣ ਸਮੇਂ ਸੋਨੂ ਸੂਦ ਘਰ ਵਿੱਚ ਮੌਜੂਦ ਸਨ ਪਰ ਉਹ ਵਿਹੜੇ ’ਚ ਨਹੀਂ ਆਏ।
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਾਲਵਿਕਾ ਦੀ ਪਾਰਟੀ ’ਚ ਸ਼ਮੂਲੀਅਤ ਨੂੰ ਸ਼ੁਭ ਸ਼ਗਨ ਕਰਾਰ ਦਿੰਦਿਆਂ ਆਖਿਆ ਕਿ ਨਾਮਵਰ ਪਰਿਵਾਰ ਦੀ ਨੇਕ ਲੜਕੀ ਨੂੰ ਪਾਰਟੀ ਵੱਲੋਂ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਮੁੱਖ ਮੰਤਰੀ ਚੰਨੀ ਨੇ ਸੋਨੂ ਸੂਦ ਦੇ ਹੁਨਰ ਅਤੇ ਮਿਸਾਲੀ ਸਮਾਜ ਸੇਵਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਜਨੀਤੀ ਵੀ ਇੱਕ ਸੇਵਾ ਹੈ। ਉਨ੍ਹਾਂ ਕਿਹਾ,‘‘ਸੇਵਾ ਭਾਵਨਾ ਨਾਲ ਸਾਡੀ ਭੈਣ ਮਾਲਵਿਕਾ ਵਧ ਕੇ ਅੱਗੇ ਆਈ ਹੈ। ਉਸ ਦੀ ਸੋਚ, ਜਜ਼ਬੇ ਤੇ ਤਾਲੀਮ ਕਾਰਨ ਆਉਣ ਵਾਲੇ 5 ਸਾਲਾਂ ਵਿੱਚ ਲੋਕ ਸੋਨੂ ਨੂੰ ਮਾਲਵਿਕਾ ਦਾ ਭਰਾ ਆਖਣਗੇ।’’ ਮੁੱਖ ਮੰਤਰੀ ਚੰਨੀ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹਦੇ ਹੋਏ ਮਾਲਵਿਕਾ ਨੇ ਕਿਹਾ ਕਿ ਸੂਬੇ ’ਚ ਥੋੜ੍ਹੇ ਅਰਸੇ ਦੌਰਾਨ ਸ੍ਰੀ ਚੰਨੀ ਨੇ ਅਜਿਹੇ ਕੰਮ ਕੀਤੇ ਹਨ, ਜਿਸ ਕਾਰਨ ਉਨ੍ਹਾਂ ਦਾ ਨਾਂ ਹਰ ਇਨਸਾਨ ਦੀ ਜ਼ੁਬਾਨ ’ਤੇ ਹੈ।