ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2017 ਵਿਚ ਸੂਬੇ ਦੇ ਖੇਤੀਬਾੜੀ ਜਿਣਸਾਂ ਦੀ ਮੰਡੀਕਰਨ ਕਮੇਟੀ (ਏਪੀਐੱਮਸੀ) ਐਕਟ ਵਿਚ ਕੀਤੀ ਗਈ ਸੋਧ ਰੱਦ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਮਗਰਮੱਛ ਦੇ ਹੰਝੂ ਕੇਰ ਕੇ ਕਿਸਾਨਾਂ ਨੂੰ ਧੋਖਾ ਨਹੀਂ ਦੇਣਾ ਚਾਹੀਦਾ। ਇਕ ਬਿਆਨ ਵਿਚ ਪਾਰਟੀ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਦੋਗਲੀ ਨੀਤੀ ਨਹੀਂ ਅਪਣਾ ਸਕਦੇ। ਮੁੱਖ ਮੰਤਰੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਦੱਸਣ ਕਿ ਉਹ ਸੂਬੇ ਦਾ ਏਪੀਐੱਮਸੀ ਐਕਟ 2017 ਮਨਸੂਖ ਕਰਨ ਤੋਂ ਭੱਜ ਕਿਉਂ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਵੱਲੋਂ 2019 ਵਿੱਚ ਜਾਰੀ ਉਸ ਚੋਣ ਮਨੋਰਥ ਪੱਤਰ ਨਾਲੋਂ ਨਾਤਾ ਤੋੜਨ ਦੀ ਦਲੇਰੀ ਵਿਖਾਉਣ ਜਿਸ ਵਿਚ ਏਪੀਐੱਮਸੀ ਐਕਟ ਸਾਰਾ ਹੀ ਖ਼ਤਮ ਕਰਨ ਦੀ ਵਕਾਲਤ ਕੀਤੀ ਗਈ ਹੈ। ਖੇਤੀ ਸੈਕਟਰ ਦੇ ਨਿਗਮੀਕਰਨ ਬਾਰੇ ਆਹਲੂਵਾਲੀਆ ਕਮੇਟੀ ਦੀ ਰਿਪੋਰਟ ਪ੍ਰਵਾਨ ਕਰਨ ਲਈ ਉਨ੍ਹਾਂ ਕਿਸਾਨ ਭਾਈਚਾਰੇ ਤੋਂ ਮੁਆਫੀ ਮੰਗਣ ਲਈ ਵੀ ਕਿਹਾ। ਬਾਦਲ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੁੱਖ ਮੰਤਰੀ ਨੇ ਲੋਕਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੋਵੇ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕ ਕੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਸਨ।