ਗਗਨਦੀਪ ਅਰੋੜਾ
ਲੁਧਿਆਣਾ, 6 ਨਵੰਬਰ
ਸੂਬਾ ਸਰਕਾਰ ਵੱਲੋਂ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ’ਚ ਕਰਵਾਈਆਂ ਜਾ ਰਹੀਆਂ ‘ਖੇਡਾਂ ਪੰਜਾਬ ਦੀਆਂ’ ਦੇ ਦੂਜੇ ਦਿਨ ਜਲੰਧਰ ਦੇ 54 ਸਾਲਾ ਅਥਲੀਟ ਵਰਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਦੋਂ ਇਹ ਘਟਨਾ ਵਾਪਰੀ ਤਾਂ ਉਹ ਆਪਣੇ ਦੋਸਤ ਨਾਲ ਫ਼ੋਨ ’ਤੇ ਗੱਲ ਕਰ ਰਿਹਾ ਸੀ। ਫ਼ੋਨ ਕੱਟ ਕੇ ਜਿਵੇਂ ਹੀ ਉਹ ਪਿੱਛੇ ਮੁੜਨ ਲੱਗਾ ਤਾਂ ਅਚਾਨਕ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਉਸ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਅਥਲੈਟਿਕ ਕੋਚ ਸੰਜੀਵ ਸ਼ਰਮਾ ਅਤੇ ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਵਰਿੰਦਰ ਸਿੰਘ ਨੇ 51-60 ਸਾਲ ਉਮਰ ਮਾਸਟਰਜ਼ ਵਰਗ ਦੇ ਲੰਬੀ ਛਾਲ ਅਤੇ ਸ਼ਾਟਪੁਟ ਮੁਕਾਬਲਿਆਂ ਵਿੱਚ ਹਿੱਸਾ ਲਿਆ। ਬੀਤੀ ਦੇਰ ਸ਼ਾਮ ਉਹ ਆਪਣੇ ਦੋਸਤ ਨਾਲ ਗੱਲ ਕਰਦਿਆਂ ਡਿੱਗ ਪਿਆ। ਮੌਕੇ ’ਤੇ ਮੌਜੂਦ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ ਅਤੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਵਰਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਵਰਿੰਦਰ ਸਿੰਘ ਦੇ ਪਿਤਾ ਵੀ ਅਥਲੀਟ ਸਨ ਅਤੇ ਪਿਛਲੇ ਸਾਲ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਉਸ ਦੇ ਪਿਤਾ ਨੇ ਵੀ ਹਿੱਸਾ ਲਿਆ ਸੀ। ਮੌਕੇ ’ਤੇ ਮੌਜੂਦ ਉਸ ਦੇ ਦੋਸਤ ਸੁਰਜੀਤ ਸਿੰਘ ਨੇ ਦੱਸਿਆ ਕਿ ਵਰਿੰਦਰ ਪਹਿਲਾਂ ਹੀ ਕਹਿ ਰਿਹਾ ਸੀ ਕਿ ਉਸ ਦੀ ਸਿਹਤ ਠੀਕ ਨਹੀਂ ਹੈ ਅਤੇ ਉਸ ਦਾ ਸਰੀਰ ਥੱਕਿਆ ਹੋਇਆ ਮਹਿਸੂਸ ਕਰ ਰਿਹਾ ਹੈ। ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸਟੇਡੀਅਮ ’ਚ ਵਾਪਰੀ ਘਟਨਾ ਦੀ ਵੀਡੀਓ ਦਿਖਾਈ ਗਈ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਬਿਨਾਂ ਕਿਸੇ ਪੋਸਟਮਾਰਟਮ ਜਾਂ ਕਾਰਵਾਈ ਦੇ ਲਾਸ਼ ਨੂੰ ਜਲੰਧਰ ਲੈ ਗਏ।