ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਸਤੰਬਰ
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਚੱਲ ਰਹੇ ਏਸ਼ੀਆ ਕੱਪ ਵਿੱਚ ਭਾਰਤ-ਪਾਕਿਸਤਾਨ ਮੈਚ ਦੌਰਾਨ ਭਾਰਤ ਦੇ ਉੱਭਰਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਵੱਲੋਂ ਇੱਕ ਕੈਚ ਛੱਡਣ ਕਾਰਨ ਹੋ ਰਹੀ ਉਸਦੀ ਆਲੋਚਨਾ ਬਾਰੇ ਜਵਾਬ ਦਿੰਦਿਆਂ ਕਿਹਾ ਹੈ ਕਿ ਅਰਸ਼ਦੀਪ ਸਿੰਘ ਜਿਸ ਤੋਂ ਭਵਿੱਖ ਵਿੱਚ ਵੱਡੀਆਂ ਉਮੀਦਾਂ ਹੈ। ਮੀਤ ਹੇਅਰ ਨੇ ਅਰਸ਼ਦੀਪ ਸਿੰਘ ਦੀ ਮਾਤਾ ਬਲਜੀਤ ਕੌਰ ਜੋ ਇਸ ਵੇਲੇ ਦੁਬਈ ਹਨ, ਨਾਲ ਫ਼ੋਨ ਉੱਤੇ ਗੱਲਬਾਤ ਕੀਤੀ ਹੈ। ਮੀਤ ਹੇਅਰ ਨੇ ਅਰਸ਼ਦੀਪ ਸਿੰਘ ਦੇ ਸਮਰਥਨ ਵਿੱਚ ਆਉਂਦਿਆਂ ਟਵੀਟ ਕੀਤਾ, “ਖੇਡ ਵਿੱਚ ਹਾਰ-ਜਿੱਤ ਬਣੀ ਆਈ ਹੈ, ਅਰਸ਼ਦੀਪ ਸਿੰਘ ਉੱਭਰਦਾ ਸਿਤਾਰਾ ਹੈ, ਜਿਸ ਨੇ ਥੋੜ੍ਹੇ ਅਰਸੇ ਵਿੱਚ ਡੂੰਘੀ ਛਾਪ ਛੱਡੀ ਹੈ।’’
ਅਰਸ਼ਦੀਪ ਦੇ ਬਹਾਨੇ ਸਿੱਖਾਂ ਨੂੰ ਬਣਾਇਆ ਜਾ ਰਿਹੈ ਨਿਸ਼ਾਨਾ: ਗੜ੍ਹੀ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਇੱਥੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕ੍ਰਿਕਟ ਖਿਡਾਰੀ ਅਰਸ਼ਦੀਪ ਸਿੰਘ ਦੀ ਹਮਾਇਤ ਕਰਦੇ ਹੋਏ ਉਸ ਵਿਰੁੱਧ ਸੋਸ਼ਲ ਮੀਡੀਆ ਉੱਤੇ ਕੂੜ ਪ੍ਰਚਾਰ ਕਰਨ ਵਾਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸ੍ਰੀ ਗੜ੍ਹੀ ਨੇ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਦੀ ਭਗਵਾ ਨੀਤੀ ਦੇ ਤਹਿਤ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਖੇਡ ਨੂੰ ਖੇਡ ਦੀ ਭਾਵਨਾ ਨਾਲ ਹੀ ਦੇਖਣਾ ਚਾਹੀਦਾ ਹੈ।