ਜਸਵੰਤ ਜੱਸ
ਫਰੀਦਕੋਟ, 13 ਮਾਰਚ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹੂੰਝਾ ਫੇਰ ਜਿੱਤ ਨੇ ਪਿਛਲੇ ਸੱਤ ਦਹਾਕਿਆਂ ਤੋਂ ਪੰਜਾਬ ਦੀ ਸਿਆਸਤ ਵਿੱਚ ਛਾਈ ਰਹਿਣ ਵਾਲੀ ਚਿੱਟੀ ਅਤੇ ਨੀਲੀ ਪੱਗ ਦਾ ਰੰਗ ਫਿੱਕਾ ਪਾ ਦਿੱਤਾ ਹੈ। ਇਨ੍ਹਾਂ ਦੋਹਾਂ ਰੰਗਾਂ ਦੀ ਥਾਂ ਹੁਣ ਬਸੰਤੀ ਪੱਗ ਨੇ ਲੈ ਲਿਆ ਹੈ। ਟਕਸਾਲੀ ਕਾਂਗਰਸੀ ਹਮੇਸ਼ਾ ਚਿੱਟੀ ਪੱਗ ਬੰਨ੍ਹਣ ਨੂੰ ਪਹਿਲ ਦਿੰਦੇ ਸਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੇ ਆਪਣੀ ਪੂਰੀ ਸਿਆਸੀ ਜ਼ਿੰਦਗੀ ਵਿੱਚ ਚਿੱਟੀ ਪੱਗ ਬੰਨ੍ਹੀ। ਇਸ ਤਰ੍ਹਾਂ ਅਕਾਲੀ ਦਲ ਵਿੱਚ ਪ੍ਰਕਾਸ਼ ਸਿੰਘ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਨੀਲੀ ਪੱਗ ਨੂੰ ਹੀ ਪਹਿਲ ਦਿੰਦੀ ਸੀ। ਹਾਲਾਂਕਿ ਬਸਪਾ ਨੇ ਇੱਕ ਹੋਰ ਦਾਅਵਾ ਕੀਤਾ ਸੀ ਕਿ ਨੀਲਾ ਰੰਗ ਉਨ੍ਹਾਂ ਦਾ ਹੈ ਅਤੇ ਅਕਾਲੀ ਦਲ ਦਾ ਰੰਗ ਕੇਸਰੀ ਹੈ ਪਰ ਨੀਲੀ ਪੱਗ ਅਕਾਲੀ ਦਲ ਦੀ ਪਛਾਣ ਬਣੀ ਅਤੇ ਪੰਜਾਬ ਦੀ ਸਿਆਸਤ ਵਿੱਚ ਅਕਾਲੀਆਂ ਨੂੰ ਨੀਲੀਆਂ ਪੱਗਾਂ ਵਾਲੇ ਕਹਿ ਕੇ ਜਾਣਿਆ ਜਾਂਦਾ ਹੈ।
ਆਮ ਆਦਮੀ ਪਾਰਟੀ ਵਿੱਚ ਬਸੰਤੀ ਰੰਗ ਨੂੰ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਲੈ ਕੇ ਆਏ ਅਤੇ ਪਹਿਲੀ ਵਾਰ ਸੰਸਦ ਵਿੱਚ ਬਸੰਤੀ ਪੱਗ ਬੰਨ੍ਹ ਕੇ ਪੰਜਾਬ ਦੇ ਮੁੱਦੇ ਚੁੱਕੇ ਅਤੇ ਹੁਣ ਇਹ ਰੰਗ ਆਮ ਆਦਮੀ ਪਾਰਟੀ ਦੀ ਪਛਾਣ ਬਣ ਗਿਆ ਹੈ। ਇਸ ਤੋਂ ਪਹਿਲਾਂ ਜਦੋਂ ਮਨਪ੍ਰੀਤ ਬਾਦਲ ਨੇ ਅਕਾਲੀ ਦਲ ਨਾਲੋਂ ਵੱਖ ਹੋ ਕੇ ਪੰਜਾਬ ਪੀਪਲਜ਼ ਪਾਰਟੀ ਬਣਾਈ ਸੀ, ਉਦੋਂ ਮਨਪ੍ਰੀਤ ਸਿੰਘ ਬਾਦਲ ਨੇ ਬਸੰਤੀ ਰੰਗ ਨਾਲ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ ਪੀਪਲਜ਼ ਪਾਰਟੀ ਦਾ ਭੋਗ ਪੈ ਗਿਆ। ਇਸ ਮਗਰੋਂ ਇਹ ਰੰਗ ਇੱਕ ਤਰ੍ਹਾਂ ਨਾਲ ਭਗਵੰਤ ਮਾਨ ਲਈ ਰਾਖਵਾਂ ਹੋ ਗਿਆ।
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਆਗੂ ਹਰਬਰਿੰਦਰ ਸਿੰਘ ਹੈਪੀ ਬਰਾੜ ਨੇ ਕਿਹਾ ਕਿ ‘ਆਪ’ ਦੇ ਪੰਜਾਬ ਵਿੱਚੋਂ 92 ਵਿਧਾਇਕ ਜਿੱਤੇ ਹਨ, ਜਿਨ੍ਹਾਂ ਵਿੱਚੋਂ 48 ਵਿਧਾਇਕ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹਦੇ ਹਨ। ਉਨ੍ਹਾਂ ਕਿਹਾ ਕਿ ਬਸੰਤੀ ਰੰਗ ਦੇਸ਼ ਦੇ ਸ਼ਹੀਦਾਂ ਦਾ ਰੰਗ ਹੈ, ਇਸੇ ਲਈ ਭਗਵੰਤ ਮਾਨ ਨੇ ਆਪਣੀ ਸਰਕਾਰ ਦਾ ਸਹੁੰ ਚੁੱਕ ਸਮਾਗਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜਨਮ ਭੂਮੀ ਖਟਕੜ ਕਲਾਂ ਵਿੱਚ ਰੱਖਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਨੌਜਵਾਨ ਨੂੰ ਬਸੰਤੀ ਰੰਗ ਦੀ ਅਹਿਮੀਅਤ ਤੋਂ ਜਾਣੂ ਕਰਵਾਇਆ ਜਾਵੇਗਾ। ਪਟਿਆਲਾ ਕਲਾਥ ਹਾਊਸ ’ਤੇ ਕੰਮ ਕਰਨ ਵਾਲੇ ਰਾਜਵੰਤ ਸਿੰਘ ਨਾਨੋਵਾਲ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਚਾਰ ਮਹੀਨਿਆਂ ਦੌਰਾਨ 6 ਲੱਖ ਤੋਂ ਵੱਧ ਬਸੰਤੀ ਪੱਗਾਂ ਵਿਕੀਆਂ ਹਨ ਅਤੇ ਇੰਨੇ ਹੀ ਦੁਪੱਟੇ ਵੇਚੇ ਗਏ ਹਨ। ਉਨ੍ਹਾਂ ਕਿਹਾ ਕਿ ਐਤਕੀਂ ਚੋਣਾਂ ਦੌਰਾਨ ਚਿੱਟੀਆਂ ਪੱਗਾਂ ਦੀ ਵਿਕਰੀ ਨਾਂਹ ਦੇ ਬਰਾਬਰ ਰਹੀ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਨੀਲਾ ਰੰਗ ਸਿੱਖਾਂ ਅਤੇ ਪੰਜਾਬੀਆਂ ਲਈ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ ਅਤੇ ਇਸ ਦਾ ਵਿਸ਼ੇਸ਼ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੂੰ ਹੁਣ ਇਹ ਰੰਗ ਵਰਤਣ ਦਾ ਕੋਈ ਅਧਿਕਾਰ ਨਹੀਂ ਹੈ।