ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ
ਥਾਣਾ ਵੈਰੋਵਾਲ ਦੇ ਅਧੀਨ ਪਿੰਡ ਨਾਗੋਕੇ ਵਿੱਚ ਦੇਰ ਰਾਤ ਹਥਿਆਰ ਬੰਦ ਹਮਲਾਵਰਾਂ ਵਲੋਂ ਗੋਲੀ ਮਾਰ ਕੇ ਚਾਚਾ-ਭਤੀਜਾ ਕਤਲ ਕਰ ਦਿੱਤੇ। ਬੀਤੇ ਕੁਝ ਦਿਨ ਪਹਿਲਾਂ ਦਿਨਾਂ ਇਨ੍ਹਾਂ ਦੀ ਤਕਰਾਰ ਹੋਈ ਸੀ, ਜਿਸ ਕਾਰਨ ਰੰਜਿਸ਼ ਕਾਰਨ ਦੂਜੀ ਧਿਰ ਨੇ ਦੋਵਾਂ ਦਾ ਕਤਲ ਕਰ ਦਿੱਤਾ। ਥਾਣਾ ਵੈਰੋਵਾਲ ਵਲੋਂ 8 ਅਣਪਛਾਤਿਆਂ ਸਣੇ 14 ਵਿਅਕਤੀਆਂ ਖ਼ਿਲਾਫ਼ ਕਤਲ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਨੂੰ ਦਿੱਤੇ ਬਿਆਨ ਵਿਚ ਮ੍ਰਿਤਕ ਦੇ ਭਤੀਜੇ ਮਨਦੀਪ ਸਿੰਘ ਨੇ ਦੱਸਿਆ ਕਿ ਚਾਚੇ ਦੇ ਲੜਕਾ ਅੰਮ੍ਰਿਤਪਾਲ ਸਿੰਘ ਪੁੱਤਰ ਮਰਹੂਮ ਤਸਵੀਰ ਸਿੰਘ ਅਤੇ ਚਾਚਾ ਲਖਬੀਰ ਸਿੰਘ ਪਿੰਡ ਦੇ ਬਾਹਰ ਬਹਿਕ ਵਿਚ ਰਹਿੰਦੇ ਸਨ। ਬੀਤੀ ਰਾਤ ਉਹ, ਚਾਚਾ ਲਖਬੀਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੋ ਮੋਟਰਸਾਈਕਲਾਂ ’ਤੇ ਘਰ ਨੂੰ ਜਾ ਰਹੇ ਸਨ।ਜਦੋਂ ਉਹ ਰਾਤ 10 ਵਜੇ ਦੇ ਕਰੀਬ ਘਰ ਦੇ ਕੱਚੇ ਰਸਤੇ ਕੋਲ ਪੁੱਜੇ ਤਾਂ ਪਿੱਛੋਂ ਆਉਂਦੇ ਜੋਧਬੀਰ ਸਿੰਘ, ਤੇਜਵੀਰ ਸਿੰਘ ਅਤੇ ਲਵਪ੍ਰੀਤ ਸਿੰਘ ਵੱਲੋ ਦਾਤਾਰ ਨਾਲ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਬਾਕੀ ਨੌਜਵਾਨ ਵੀ ਮੋਟਸਾਈਕਲਾਂ ਅਤੇ ਦੋ ਕਾਰਾਂ ’ਤੇ ਸਵਾਰ ਹੋ ਕੇ ਮੌਕੇ ’ਤੇ ਆ ਗਏ। ਇਸ ਦੌਰਾਨ ਚੇਤੀ ਵਲੋਂ ਆਪਣੀ ਬੰਦੂਕ ਨਾਲ ਫਾਇਰ ਕੀਤੇ ਗਏ, ਜਿਸ ਕਾਰਨ ਲਖਬੀਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੀ ਛਾਤੀ ਵਿੱਚ ਗੋਲੀ ਵੱਜੀ। ਇਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ।ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਮੁਖੀ ਵੈਰੋਵਾਲ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੋਸਟ ਮਾਰਟਮ ਕਰਾਉਣ ਲਈ ਲਾਸ਼ਾਂ ਸਿਵਲ ਹਸਪਤਾਲ ਤਰਨ ਤਾਰਨ ਭੇਜ ਦਿੱਤੀਆ ਗਈਆਂ ਹਨ।