ਘਨੌਲੀ: ਪਿੰਡ ਡਕਾਲਾ ਦੀ ਮਹਿਲਾ ਸਰਪੰਚ ਸੀਮਾ ਦੇਵੀ ਤੇ ਉਨ੍ਹਾਂ ਦੇ ਐਡਵੋਕੇਟ ਪਤੀ ਸੰਜੀਵ ਕੁਮਾਰ ਨੇ ਆਪਣੇ ਪਿੰਡ ਨੂੰ ਸਾਫ ਸੁਥਰਾ ਤੇ ਹਰਿਆਲੀ ਯੁਕਤ ਬਣਾਉਣ ਦਾ ਜ਼ਿੰਮਾ ਚੁੱਕਿਆ ਹੈ। ਸਰਪੰਚ ਸੀਮਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜੰਗਲਾਤ ਵਿਭਾਗ, ਅੰਬੂਜਾ ਸੀਮਿੰਟ ਫਾਊਂਡੇਸ਼ਨ ਅਤੇ ਰਾਊਂਡ ਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਪਿੰਡ ਵਿੱਚ ਕਈ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਕੁੱਝ ਨੇਪਰੇ ਵੀ ਚੜ੍ਹ ਚੁੱਕੇ ਹਨ। ਪੌਦੇ ਲਗਾਉਣ ਦੀ ਮੁਹਿੰਮ ਵਿੱਚ ਸਹਿਯੋਗ ਕਰਦੇ ਹੋਏ ਵੱਖ-ਵੱਖ ਕਿਸਮ ਦੇ 300 ਪੌਦੇ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜੰਗਲ ਲਗਾਉਣ ਦੀ ਮੁਹਿੰਮ ਦਾ ਉਦਘਾਟਨ ਹਲਕਾ ਵਿਧਾਇਕ ਦਿਨੇਸ਼ ਕੁਮਾਰ ਚੱਢਾ ਵੱਲੋਂ ਕੀਤਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਪਿੰਡ ਦੇ ਅਧੂਰੇ ਰਹਿੰਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਗਿਆ ਹੈ। ਇਸ ਮੌਕੇ ਰਾਊਂਡ ਗਲਾਸ ਫਾਊਂਡੇਸ਼ਨ ਦੇ ਅਹੁਦੇਦਾਰ, ਪਿੰਡ ਵਾਸੀ ਅਤੇ ਹਲਕਾ ਵਿਧਾਇਕ ਦੇ ਨਾਲ ਆਏ ਵੱਖ-ਵੱਖ ਪਿੰਡਾਂ ਦੇ ‘ਆਪ’ ਆਗੂ ਹਾਜ਼ਰ ਸਨ। -ਪੱਤਰ ਪ੍ਰੇਰਕ