ਕੁਲਦੀਪ ਸਿੰਘ
ਚੰਡੀਗੜ੍ਹ, 6 ਅਗਸਤ
ਪੰਜਾਬ ਬੋਰਡ ਤੇ ਕਾਰਪੋਰੇਸ਼ਨ ਮਹਾਸੰਘ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਅੱਜ ਇੱਥੇ ਸੈਕਟਰ-17 ਸਥਿਤ ਉਦਯੋਗ ਭਵਨ ਵਿੱਚ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਕਾਰਪੋਰੇਸ਼ਨਾਂ, ਬੋਰਡ ਅਤੇ ਸਕੀਮ ਵਰਕਰਾਂ ਅਤੇ ਸੀਟੂ ਦੇ ਵਰਕਰਾਂ ਨੇ ਹਿੱਸਾ ਲਿਆ। ਰੈਲੀ ਨੂੰ ਭਰਾਤਰੀ ਜਥੇਬੰਦੀਆਂ ਦਾ ਵੀ ਸਹਿਯੋਗ ਮਿਲਿਆ।
ਸਹਿਯੋਗੀ ਜਥੇਬੰਦੀਆਂ ਵਿੱਚ ਪੀਐੱਸਆਈਈਸੀ ਸਟਾਫ ਐਸੋਸੀਏਸ਼ਨ, ਆਸ਼ਾ ਵਰਕਰ, ਪੰਜਾਬ ਸਕੂਲ ਸਿੱਖਿਆ ਬੋਰਡ, ਸੀਟੂ ਤੇ ਬੋਰਡ ਕਾਰਪੋਰੇਸ਼ਨ ਮਹਾਸੰਘ, ਈਪੀਐੱਫ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਆਦਿ ਸ਼ਾਮਲ ਸਨ। ਪੀਐੱਸਆਈਈਸੀ ਦੇ ਉਦਯੋਗਿਕ ਫੋਕਲ ਪੁਆਇੰਟਾਂ ਦੀਆਂ ਇੰਡਸਟਰੀਜ਼ ਐਸੋਸੀਏਸ਼ਨਾਂ ਨੇ ਵੀ ਰੈਲੀ ਦੀ ਹਮਾਇਤ ਕੀਤੀ। ਸਟਾਫ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਮਹਾਸੰਘ ਦੇ ਪ੍ਰਧਾਨ ਤਾਰਾ ਸਿੰਘ ਨੇ ਕਿਹਾ ਕਿ ਸਰਕਾਰ ਦੇ ਇਸ ਪ੍ਰਮੁੱਖ ਅਦਾਰੇ ਨੂੰ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਬੰਦ ਕਰਨ ਵੱਲ ਧੱਕਿਆ ਜਾ ਰਿਹਾ ਹੈ। ਬੁਲਾਰਿਆਂ ਨੇ ਜਿੱਥੇ ਪੀਐੱਸਆਈਈਸੀ ਦੀਆਂ ਮੰਗਾਂ ਦੀ ਹਮਾਇਤ ਕੀਤੀ, ਉਥੇ ਮੁੱਖ ਮੰਤਰੀ ਵੱਲੋਂ ਚੋਣਾਂ ਸਮੇਂ ਸਮੂਹ ਕੱਚੇ, ਕੰਟਰੈਕਟ ਅਤੇ ਆਊਟਸੋਰਸ, ਵਰਕਰਾਂ ਨੂੰ ਪੱਕਾ ਕਰਨ ਸਮੇਤ ਆਸ਼ਾ ਵਰਕਰਾਂ ਦੇ ਮਾਣਭੱਤੇ ਨੂੰ ਦੁੱਗਣਾ ਕਰਨ ਵਰਗੇ ਵਾਅਦੇ ਪੂਰੇ ਕਰਨ ਦੀ ਮੰਗ ਵੀ ਕੀਤੀ। ਮੰਗਾਂ ਨਾ ਮੰਨੇ ਜਾਣ ’ਤੇ ਸੀਟੂ ਤੇ ਮਹਾਸੰਘ ਵੱਲੋਂ ਸੰਘਰਸ਼ ਵਿੱਢਣ ਦੀ ਚਿਤਾਵਨੀ ਵੀ ਦਿੱਤੀ ਗਈ।
ਓਐੱਸਡੀ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐੱਸਡੀ ਨਵਰਾਜ ਸਿੰਘ ਬਰਾੜ, ਪੀਸੀਐੱਸ ਵੱਲੋਂ ਰੈਲੀ ਵਿੱਚ ਪਹੁੰਚ ਕੇ ਮੰਗ ਪੱਤਰ ਹਾਸਲ ਕੀਤਾ ਗਿਆ ਅਤੇ ਛੇਤੀ ਹੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ।