ਪਾਲ ਸਿੰਘ ਨੌਲੀ
ਜਲੰਧਰ, 7 ਨਵੰਬਰ
ਇੱਥੇ ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਨੇ ਰੋਸ ਰੈਲੀ ਕਰਦਿਆਂ ਅੱਜ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਦਾ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਹੱਲ ਨਾ ਕੀਤਾ ਤਾਂ ਇਸ ਦਾ ਖਮਿਆਜ਼ਾ ਕਾਂਗਰਸ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ। ਇਸ ਤੋਂ ਪਹਿਲਾਂ ਵਰਕਰਾਂ ਨੇ ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਦੀ ਸੂਬਾ ਪ੍ਰਧਾਨ ਬਿਮਲਾ ਰਾਣੀ ਦੀ ਅਗਵਾਈ ਹੇਠ ਜਲੰਧਰ ਦੇ ਡੀਸੀ ਦਫ਼ਤਰ ਅੱਗੇ ਪੁੱਡਾ ਗਰਾਊਂਡ ਵਿੱਚ ਸੂਬਾਈ ਰੈਲੀ ਕਰ ਕੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਿਹਾਇਸ਼ ਵੱਲ ਰੋਸ ਮਾਰਚ ਕੀਤਾ।
ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਪੰਜਾਬ ਨੇ ਜਥੇਬੰਦੀ ਨਾਲ ਗੱਲਬਾਤ ਕਰ ਕੇ ਮੰਗਾਂ ਦਾ ਨਬਿੇੜਾ ਕਰਨ ਲਈ ਪੈਨਲ ਮੀਟਿੰਗ ਨੂੰ ਹਾਲੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ, ਜਿਸ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਮਿੱਡ-ਡੇਅ ਮੀਲ ਵਰਕਰ ਪਿਛਲੇ 15-16 ਸਾਲਾਂ ਤੋਂ ਰੈਗੂਲਰ ਹੋਣ ਅਤੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਮਿਹਨਤਾਨਾ ਪ੍ਰਾਪਤ ਕਰਨ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰੰਤੂ ਵੱਖ-ਵੱਖ ਸਮੇਂ ਦੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰ ਨੇ ਫੋਕੇ ਲਾਰਿਆਂ ਤੋਂ ਬਿਨਾਂ ਵਰਕਰਾਂ ਦੇ ਪੱਲੇ ਕੁਝ ਨਹੀਂ ਪਾਇਆ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਗੁਆਂਢੀ ਸੂਬੇ ਹਰਿਆਣਾ ਵਿੱਚ 3500 ਰੁਪਏ ਅਤੇ ਕੇਰਲਾ ਵਿੱਚ 6500 ਰੁਪਏ ਪ੍ਰਤੀ ਮਹੀਨਾ ਮਾਣ-ਭੱਤਾ ਦਿੱਤਾ ਜਾ ਰਿਹਾ ਹੈ ਜੋ ਕਿ ਪੰਜਾਬ ਸਰਕਾਰ ਅਤੇ ਮਿੱਡ-ਡੇਅ ਮੀਲ ਵਰਕਰਾਂ ਲਈ ਬਹੁਤ ਹੀ ਨਮੋਸ਼ੀ ਵਾਲੀ ਗੱਲ ਹੈ।
ਆਗੂਆਂ ਨੇ ਦੱਸਿਆ ਕਿ ਕੈਬਨਿਟ ਮੰਤਰੀ ਪਰਗਟ ਸਿੰਘ ਦੀ ਰਿਹਾਇਸ਼ ’ਤੇ ਉਨ੍ਹਾਂ ਦੀ ਗੈਰਮੌਜੂਦਗੀ ਵਿੱਚ ਪੀਏ ਨੇ ਮੰਗ ਪੱਤਰ ਪ੍ਰਾਪਤ ਕਰ ਕੇ 9 ਨਵੰਬਰ ਨੂੰ ਕਾਂਗਰਸ ਭਵਨ ਵਿੱਚ ਮੀਟਿੰਗ ਕਰਵਾਉਣ ਦਾ ਸਮਾਂ ਦਿੱਤਾ ਹੈ।