ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਅਗਸਤ
ਕੌਂਸਲ ਆਫ਼ ਡਿਪਲੋਮਾ ਇੰਜਨੀਅਰ ਪੰਜਾਬ ਦੇ ਸੱਦੇ ’ਤੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਹਜ਼ਾਰਾਂ ਜੇਈ, ਏਈ ਅਤੇ ਪਦਉੱਨਤ ਐੱਸਡੀਓਜ਼ 18 ਤੋਂ 20 ਅਗਸਤ ਤੱਕ ਟੂਲ ਡਾਊਨ ਹੜਤਾਲ ਕਰਨਗੇ। ਇਸ ਦੌਰਾਨ ਸਮੂਹ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪੱਧਰ ’ਤੇ ਸ਼ਾਂਤਮਈ ਧਰਨੇ ਵੀ ਦਿੱਤੇ ਜਾਣਗੇ। ਇਹ ਫ਼ੈਸਲਾ ਜਥੇਬੰਦੀ ਦੇ ਸੂਬਾਈ ਚੇਅਰਮੈਨ ਸੁਖਵਿੰਦਰ ਲਵਲੀ ਦੀ ਅਗਵਾਈ ਹੇਠ ਇੱਥੇ ਹੋਈ ਮੀਟਿੰਗ ਵਿੱਚ ਲਿਆ ਗਿਆ। ਇਸ ਦੌਰਾਨ ਸੰਕੇਤਕ ਤੌਰ ’ਤੇ ਰੋਸ ਮੁਜ਼ਾਹਰਾ ਵੀ ਕੀਤਾ ਗਿਆ।
ਕੌਂਸਲ ਦੇ ਸੂਬਾਈ ਸਕੱਤਰ ਜਨਰਲ ਦਵਿੰਦਰ ਸੇਖੋਂ ਅਤੇ ਸਿੰਚਾਈ ਵਿਭਾਗ ਦੇ ਪ੍ਰਧਾਨ ਨਰਿੰਦਰ ਕੁਮਾਰ ਦੱਸਿਆ ਕਿ ਇਹ ਐਕਸ਼ਨ ਛੇਵੇਂ ਪੇਅ ਕਮਿਸ਼ਨ ਵੱਲੋਂ ਪੰਜਾਬ ਇੰਜਨੀਅਰਾਂ ਦੇ ਖੋਹੇ ਸਕੇਲ ਅਤੇ ਭੱਤੇ ਬਹਾਲ ਕਰਵਾਉਣ ਲਈ ਕੀਤਾ ਜਾ ਰਿਹਾ ਹੈ ਤੇ ਇਸ ਮਗਰੋਂ 8 ਸਤੰਬਰ ਨੂੰ ਮੁੱਖ ਮੰਤਰੀ ਦੀ ਪਟਿਆਲਾ ਸਥਿਤ ਰਿਹਾਇਸ਼ ਵੱਲ ਰੋਸ ਮਾਰਚ ਵੀ ਕੀਤਾ ਜਾਵੇਗਾ। ਕੌਂਸਲ ਦੇ ਬੁਲਾਰੇ ਕਰਮਜੀਤ ਸਿੰਘ ਬੀਹਲਾ ਤੇ ਕਮਰਜੀਤ ਮਾਨ ਨੇ ਕਿਹਾ ਕਿ ਸਮੂਹ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਕੀਤੇ ਜਾ ਰਹੇ ਐਕਸ਼ਨਾਂ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅੱਜ ਸੂਬਾਈ ਮੀਟਿੰਗ ਕਰ ਕੇ ਆਗੂਆਂ ਦੀਆਂ ਡਿਊਟੀਆਂ ਲਾਈਆਂ ਗਈਆਂ।
ਤਨਖ਼ਾਹ ਰੋਕਣ ਸਬੰਧੀ ਪੱਤਰ ਕਾਰਨ ਹੜਤਾਲੀ ਮੁਲਾਜ਼ਮਾਂ ਵਿੱਚ ਰੋਸ
ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਹੜਤਾਲੀ ਕਰਮਚਾਰੀਆਂ ਉੱਤੇ ਸ਼ਿਕੰਜਾ ਕਸਣ ਲਈ ਜਾਰੀ ਪੱਤਰ ਤੋਂ ਬਾਅਦ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਨੇ ਕਿਹਾ ਕਿ ਯੂਨੀਅਨ ਸਰਕਾਰ ਦੀ ਇਸ ਧਮਕੀ ਤੋਂ ਨਹੀਂ ਡਰੇਗੀ ਅਤੇ ਆਪਣਾ ਸੰਘਰਸ਼ ਜਾਰੀ ਰੱਖੇਗੀ। ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਕਿਹਾ ਕਿ ਸੂਬਾ ਸਰਕਾਰ ਅਜਿਹੇ ਪੱਤਰ ਜਾਰੀ ਕਰ ਕੇ ਦਫ਼ਤਰਾਂ ਦਾ ਕੰਮ ਬੰਦ ਕਰਨ ਲਈ ਉਕਸਾ ਰਹੀ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਹੜਤਾਲ ਦੌਰਾਨ ਕੰਮ ਬੰਦ ਕਰਨ ਵਾਲੇ ਕਰਮਚਾਰੀਆਂ ਦੀ ਹੜਤਾਲ ਨੂੰ ਬਿਨਾਂ ਤਨਖਾਹ ਵਾਲੀ ਛੁੱਟੀ ਵਜੋਂ ਹੀ ਵਿਚਾਰਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਪੱਤਰ ਦਾ ਮੋੜਵਾਂ ਜਵਾਬ ਮੁਲਾਜ਼ਮਾਂ ਵੱਲੋਂ ਹੁਣ ਕੰਮ ਬੰਦ ਕਰ ਕੇ ਹੀ ਦਿੱਤਾ ਜਾਵੇਗਾ। ਇਸ ਸਬੰਧੀ ਫ਼ੈਸਲਾ 21 ਅਗਸਤ ਨੂੰ ਸੂਬਾ ਪੱਧਰੀ ਮੀਟਿੰਗ ਕਰ ਕੇ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਾਜ਼ਮ ਵਿਰੋਧੀ ਰਵੱਈਏ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਜਥੇਬੰਦੀ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ।
ਜਲ ਸਪਲਾਈ ਕਾਮਿਆਂ ਵੱਲੋਂ ਮੋਤੀ ਮਹਿਲ ਵੱਲ ਮਾਰਚ ਅੱਜ
ਪਟਿਆਲਾ (ਪੱਤਰ ਪ੍ਰੇਰਕ): ਜਲ ਸਪਲਾਈ ਕਾਮੇ ਭਲਕੇ 18 ਅਗਸਤ ਨੂੰ ਨਿਊ ਮੋਤੀ ਮਹਿਲ ਵੱਲ ਮਾਰਚ ਕਰਨਗੇ। ਇਹ ਜਾਣਕਾਰੀ ਪਟਿਆਲਾ ਜ਼ੋਨ ਦੇ ਪ੍ਰਧਾਨ ਜਸਵੀਰ ਸਿੰਘ ਖੋਖਰ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ, ਪੰਜਾਬ ਵੱਲੋਂ ਛੇਵੇਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰ ਕੇ ਸੋਧੇ ਹੋਏ ਤਨਖ਼ਾਹ ਸਕੇਲ ਲਾਗੂ ਕਰਵਾਉਣ, ਸਮੁੱਚੇ ਕੱਚੇ ਮੁਲਾਜ਼ਮ ਬਿਨਾਂ ਸ਼ਰਤ ਪੱਕੇ ਕਰਵਾਉਣ ਤੇ ਸੀਵਰੇਜ ਬੋਰਡ ਅਤੇ ਪੁੱਡਾ ਦੇ ਮੁਲਾਜ਼ਮਾਂ ਲਈ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ 18 ਅਗਸਤ ਨੂੰ ਬੱਸ ਸਟੈਂਡ ਨੇੜੇ ਪੁਲ ਥੱਲੇ ਸੂਬਾ ਪੱਧਰੀ ਰੈਲੀ ਕਰ ਕੇ ਮੋਤੀ ਮਹਿਲ ਵੱਲ ਵਿਸ਼ਾਲ ਮਾਰਚ ਕੀਤਾ ਜਾਵੇਗਾ।