ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਨਵੰਬਰ
ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੀ ਲੁਧਿਆਣਾ ਟੀਮ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਤੋਂ 28 ਕਿੱਲੋ ਹੈਰੋਇਨ ਅਤੇ 6 ਕਿੱਲੋ ਅਈਸ ਡਰੱਗ ਬਰਾਮਦ ਕੀਤੀ ਹੈ। ਐੱਸਟੀਐੱਫ਼ ਮੁਤਾਬਕ 28 ਕਿੱਲੋ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਲੱਗਪਗ 140 ਕਰੋੜ ਰੁਪਏ ਬਣਦੀ ਹੈ ਤੇ ਆਈਸ ਡਰੱਗ ਇਸ ਤੋਂ ਮਹਿੰਗੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਇੱਕ ਐਂਡੇਵਰ, ਇੱਕ ਸਿਆਜ਼ ਕਾਰ ਤੇ ਇਕ ਐਕਟਿਵਾ ਵੀ ਬਰਾਮਦ ਕੀਤੀ ਹੈ। ਪੁਲੀਸ ਨੇ ਇੱਕ ਮੁਲਜ਼ਮ ਨੂੰ ਸਾਹਨੇਵਾਲ ਤੇ ਬਾਕੀ 2 ਮੁਲਜ਼ਮਾਂ ਨੂੰ ਉਸਦੀ ਨਿਸ਼ਾਨਦੇਹੀ ’ਤੇ ਫਗਵਾੜਾ ਤੋਂ ਗ੍ਰਿਫ਼ਤਾਰ ਕੀਤਾ ਹੈ। ਬਾਕੀ ਪੰਜ ਮੁਲਜ਼ਮ ਹਾਲੇ ਫ਼ਰਾਰ ਹਨ।
ਪੁਲੀਸ ਨੇ ਇਸ ਮਾਮਲੇ ’ਚ ਮੋਤੀ ਨਗਰ ਜੋਧੇਵਾਲ ਦੇ ਭਗਵਾਨ ਨਗਰ ਵਾਸੀ ਮਨਜੀਤ ਸਿੰਘ ਉਰਫ਼ ਮੰਨਾ, ਗੁਰਦਾਸਪੁਰ ਦੇ ਬਟਾਲਾ ਸਥਿਤ ਮੁਹੱਲਾ ਡੋਗਰਾ ਵਾਸੀ ਵਿਸ਼ਾਲ ਉਰਫ਼ ਵਿਸ਼ੂ ਤੇ ਰਾਜਪੁਰਾ ਦੇ ਫੋਕਲ ਪੁਆਇੰਟ ਵਾਸੀ ਅੰਗਰੇਜ਼ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਵੱਲੋਂ ਤਿੰਨਾਂ ਮੁਲਜ਼ਮਾਂ ਦੇ ਆਧਾਰ ’ਤੇ ਬਟਾਲਾ ਵਾਸੀ ਰਾਜਨ ਸ਼ਰਮਾ, ਹੈਪੀ ਰੰਧਾਵਾ, ਹਰਮਿੰਦਰ ਸਿੰਘ, ਆਸਟਰੇਲੀਆ ਵਾਸੀ ਸੰਨੀ ਤੇ ਤਨਵੀਰ ਬੇਦੀ ਦੀ ਭਾਲ ਕੀਤੀ ਜਾ ਰਹੀ ਹੈ।
ਐੱਸਟੀਐੱਫ਼ ਦੇ ਆਈਜੀ ਆਰ. ਕੇ ਜੈਸਵਾਲ ਨੇ ਲੁਧਿਆਣਾ ਵਿਚ ਪੱਤਰਕਾਰ ਮਿਲਣੀ ਦੌਰਾਨ ਦੱਸਿਆ ਕਿ ਥਾਣਾ ਐੱਸਟੀਐੱਫ਼ ਨੇ ਇੱਕ ਕੇਸ ਦਰਜ ਕੀਤਾ ਸੀ, ਜਿਸ ’ਚ ਮੁਲਜ਼ਮ ਮਨਜੀਤ ਸਿੰਘ ਉਰਫ਼ ਮੰਨਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮ ਮੰਨਾ ਸਾਹਨੇਵਾਲ ਕੋਲ ਆਪਣੀ ਕਾਰ ’ਚ ਜਾ ਰਿਹਾ ਸੀ। ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰਕੇ ਕਾਰ ਵਿੱਚੋਂ 18 ਕਿਲੋ ਹੈਰੋਇਨ ਤੇ 6 ਕਿੱਲੋ ਆਈਸ ਡਰੱਗ ਬਰਾਮਦ ਕੀਤੀ। ਮੰਨਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮੁਲਜ਼ਮ ਵਿਸ਼ੂ ਤੇ ਅੰਗਰੇਜ਼ ਜੰਮੂ ਕਸ਼ਮੀਰ ਤੋਂ ਕਾਫ਼ੀ ਹੈਰੋਇਨ ਲੈ ਕੇ ਆ ਰਹੇ ਹਨ। ਪੁਲੀਸ ਨੇ ਦੋਵਾਂ ਨੂੰ ਫਗਵਾੜਾ ਨੇੜਿਓਂ ਕਾਬੂ ਕਰਕੇ ਉਨ੍ਹਾਂ ਦੀ ਸਿਆਜ਼ ਕਾਰ ’ਚੋਂ 10 ਕਿੱਲੋ ਹੈਰੋਇਨ ਬਰਾਮਦ ਕੀਤੀ। ਸਿਆਜ਼ ਕਾਰ ਲੁਧਿਆਣਾ ਨੰਬਰ ਦੀ ਸੀ। ਦੋਵੇਂ ਮੁਲਜ਼ਮਾਂ ਤੋਂ ਪੁੱਛਗਿਛ ਦੌਰਾਨ ਪਤਾ ਲੱਗਿਆ ਕਿ ਉਹ ਬਟਾਲਾ ਦੇ ਰਹਿਣ ਵਾਲੇ ਮੁਲਜ਼ਮਾਂ ਦੇ ਸੰਪਰਕ ’ਚ ਹਨ। ਸਾਰੇ ਮੁਲਜ਼ਮ ਵੱਡੇ ਪੱਧਰ ’ਤੇ ਗਰੋਹ ਬਣਾ ਕੇ ਕੰਮ ਕਰਦੇ ਹਨ। ਇਨ੍ਹਾਂ ’ਚ ਇੱਕ ਮੁਲਜ਼ਮ ਆਸਟਰੇਲੀਆ ਦਾ ਰਹਿਣ ਵਾਲਾ ਹੈ, ਜਿਸ ਬਾਰੇ ਪਤਾ ਕੀਤਾ ਜਾ ਰਿਹਾ ਹੈ ਕਿ ਉਹ ਹੁਣ ਆਸਟਰੇਲੀਆ ’ਚ ਹੈ ਜਾਂ ਭਾਰਤ ’ਚ।