ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 28 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਅੱਗੇ ਚੱਲ ਰਿਹਾ ‘ਰੇਲ ਰੋਕੋ ਅੰਦੋਲਨ’ ਅੱਜ 96ਵੇਂ ਦਿਨ ਵੀ ਜਾਰੀ ਰਿਹਾ। ਅੱਜ ਲਖਵਿੰਦਰ ਸਿੰਘ ਪਲਾਸੌਰ, ਸਤਨਾਮ ਸਿੰਘ ਮਾਨੋਚਾਹਲ ਦੀ ਅਗਵਾਈ ਹੇਠ ਜਥੇ ਨੇ ਸ਼ਮੂਲੀਅਤ ਕੀਤੀ। ਇਸੇ ਦੌਰਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਅੰਮ੍ਰਿਤਸਰ-ਜਲੰਧਰ ਜੀਟੀ ਰੋਡ ’ਤੇ ਸਥਿਤ ਨਿਜਰਪੁਰਾ ਟੌਲ ਪਲਾਜ਼ੇ ’ਤੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਭੁੱਖ ਹੜਤਾਲ ਦੀ ਸ਼ੁਰੂਆਤ ਅੰਗਰੇਜ਼ ਸਿੰਘ ਚਾਟੀਵਿੰਡ, ਮੰਗਲ ਸਿੰਘ ਰਾਮਪੁਰਾ, ਸੋਹਣ ਸਿੰਘ, ਬਲਬੀਰ ਸਿੰਘ ਤੇ ਗੱਜਣ ਸਿੰਘ ਨੇ ਕੀਤੀ। ਅੰਗਰੇਜ਼ ਸਿੰਘ ਚਾਟੀਵਿੰਡ ਨੇ ਦੱਸਿਆ ਕਿ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਨਿਜਰਪੁਰਾ ਟੌਲ ਪਲਾਜ਼ਾ ਜੰਡਿਆਲਾ ਗੁਰੂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਤੋਂ ਭੁੱਖ ਹੜਤਾਲ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਦਵਿੰਦਰ ਸਿੰਘ ਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਪੰਜ ਕਿਸਾਨ ਭੁੱਖ ਹੜਤਾਲ ’ਤੇ ਬੈਠਣਗੇ ਅਤੇ ਖੇਤੀ ਕਾਨੂੰਨ ਰੱਦ ਹੋਣ ਤਕ ਇਹ ਭੁੱਖ ਹੜਤਾਲ ਜਾਰੀ ਰਹੇਗੀ। ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਹਰਪ੍ਰੀਤ ਸਿੰਘ ਸਿੱਧਵਾਂ, ਗੁਰਲਾਲ ਸਿੰਘ ਪੰਡੋਰੀ ਨੇ ਦੱਸਿਆ ਕਿ ਇੱਕ ਜਨਵਰੀ ਨੂੰ ਰੇਲ ਰੋਕੋ ਅੰਦੋਲਨ ਦੇ 100ਵੇਂ ਦਿਨ ਭਾਜਪਾ ਆਗੂ ਤਰੁਣ ਚੁੱਘ ਦੇ ਘਰ ਅਤੇ ਟ੍ਰਿਲੀਅਮ ਮਾਲ ਅੰਮ੍ਰਿਤਸਰ ਅੱਗੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।