ਮਹਿੰਦਰ ਸਿੰਘ ਰੱਤੀਆਂ
ਮੋਗਾ, 5 ਅਕਤੂਬਰ
ਕਿਸਾਨੀ ਮੁੱਦਿਆਂ ਸਬੰਧੀ 8 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਛੇ ਸਾਲ ਪਹਿਲਾਂ ਸਾਲ 2015 ’ਚ ਸੱਤ ਦਿਨ ਤੱਕ ਚਲਾਏ ਗਏ ਰੇਲ ਰੋਕੋ ਅੰਦੋਲਨ ਮਾਮਲੇ ਵਿੱਚ ਇਤਿਹਾਸਕ ਫ਼ੈਸਲਾ ਆਇਆ ਹੈ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਕਿਸਾਨ ਜਥੇਬੰਦੀ ਏਕਤਾ ਉਗਰਾਹਾਂ ਦੇ ਸੂਬਾਈ ਆਗੂ ਸੁਖਦੇਵ ਸਿੰਘ ਕੋਕਰੀ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਬਲੌਰ ਸਿੰਘ ਘਾਲੀ, ਗੁਰਦੀਪ ਸਿੰਘ ਵੈਰੋਕੇ ਸਮੇਤ ਸਾਰੇ ਨਾਮਜ਼ਦ ਕਿਸਾਨਾਂ ਨੂੰ ਅੱਜ ਬਾਇੱਜ਼ਤ ਬਰੀ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਸਾਲ 2015 ਵਿੱਚ 7 ਤੋਂ 13 ਅਕਤੂਬਰ ਤੱਕ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਰੇਲ ਰੋਕੋ ਅੰਦੋਲਨ ਤਹਿਤ ਰੇਲਾਂ ਜਾਮ ਕੀਤੀਆਂ ਸਨ। ਇਸ ਮਾਮਲੇ ਵਿੱਚ ਥਾਣਾ ਜੀਆਰਪੀ ਵੱਲੋਂ ਐੱਫ਼ਆਈਆਰ ਦਰਜ ਕੀਤੀ ਗਈ ਸੀ। ਕੇਸ ਦੀ ਸੁਣਵਾਈ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੇਵਿੰਦਰ ਸਿੰਘ ਘਾਲੀ ਅਤੇ ਸੰਘਰਸ਼ਸ਼ੀਲ ਆਗੂ ਛਿੰਦਰ ਪਾਲ ਸਿੰਘ ਨੱਥੂਵਾਲਾ ਦਾ ਦੇਹਾਂਤ ਹੋ ਗਿਆ ਸੀ। ਅੱਜ ਸਥਾਨਕ ਸੀਜੀਐੱਮ ਪ੍ਰੀਤੀ ਸੁਖੀਜਾ ਦੀ ਅਦਾਲਤ ਨੇ ਦੋਵਾਂ ਧਿਰਾਂ ਦੇ ਵਕੀਲਾਂ ਨੂੰ ਸੁਣਨ ਤੇ ਤੱਥ ਵਾਚਣ ਤੋਂ ਬਾਅਦ ਕਿਸਾਨਾਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਕੇਸ ਦੀ ਪੈਰਵੀ ਐਡਵੋਕੇਟ ਇਕਬਾਲ ਸਿੰਘ ਦੌਲਤਪੁਰਾ ਨੇ ਮੁਫ਼ਤ ਕੀਤੀ ਹੈ।