ਪਵਨ ਗੋਇਲ
ਭੁੱਚੋ ਮੰਡੀ, 31 ਅਗਸਤ
ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਸਥਿਤ ਭੁੱਚੋ ਕੈਂਚੀਆਂ ਚੌਕ ਦੇ ਪੁਲ ਅਤੇ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਬਾਹਰਲੇ ਗੇਟ ’ਤੇ ਅੱਜ ਅਣਪਛਾਤਿਆਂ ਨੇ ਖਾਲਿਸਤਾਨੀ ਝੰਡੇ ਲਹਿਰਾਏ। ਇਸ ਬਾਰੇ ਪਤਾ ਲੱਗਣ ’ਤੇ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮਾਰਕੀਟ ਕਮੇਟੀ ਦੇ ਦਫ਼ਤਰ ਦੇ ਗੇਟ ’ਤੇ ਲਹਿਰਾਏ ਗਏ ਝੰਡੇ ਦੀ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ ਵਿੱਚ ਕੁਝ ਵਿਅਕਤੀ ਗੇਟ ’ਤੇ ਝੰਡਾ ਲਹਿਰਾ ਕੇ ਖਾਲਿਸਤਾਨੀ ਨਾਅਰੇ ਲਾਉਂਦੇ ਦਿਖਾਈ ਦੇ ਰਹੇ ਹਨ। ਮਾਮਲੇ ਦੀ ਜਾਂਚ ਲਈ ਭੁੱਚੋ ਦੇ ਡੀਐੱਸਪੀ ਅਸ਼ੋਕ ਸ਼ਰਮਾ ਅਤੇ ਚੌਕੀ ਇੰਚਾਰਜ ਗੁਰਪ੍ਰੀਤ ਸਿੰਘ ਨੇ ਮਾਰਕੀਟ ਕਮੇਟੀ ਦੇ ਦਫ਼ਤਰ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਪਰ ਉਸ ਵੇਲੇ ਉੱਥੇ ਕੋਈ ਝੰਡਾ ਨਹੀਂ ਸੀ। ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਅਣਪਛਾਤਿਆਂ ਨੇ ਇੱਥੇ ਝੰਡਾ ਲਹਿਰਾਉਂਦਿਆਂ ਦੀ ਵੀਡੀਓ ਬਣਾ ਕੇ ਉਹੀ ਝੰਡਾ ਕੌਮੀ ਮਾਰਗ ’ਤੇ ਲਹਿਰਾ ਦਿੱਤਾ। ਇਸ ਮਗਰੋਂ ਪੁਲੀਸ ਨੇ ਕੌਮੀ ਮਾਰਗ ’ਤੇ ਜਾ ਕੇ ਉਥੋਂ ਖਾਲਿਸਤਾਨੀ ਝੰਡਾ ਲਾਹਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਝੰਡੇ ’ਤੇ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੋਇਆ ਸੀ।
ਮਾਰਕੀਟ ਕਮੇਟੀ ਦੇ ਚੇਅਰਮੈਨ ਨਾਹਰ ਸਿੰਘ ਨੇ ਕਿਹਾ ਕਿ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ ਬਾਕਾਇਦਾ ਚੌਕੀਦਾਰ ਰੱਖਿਆ ਹੋਇਆ ਹੈ ਪਰ ਉਹ ਦਫ਼ਤਰ ਦੇ ਅੰਦਰ ਹੁੰਦਾ ਹੈ। ਝੰਡਾ ਕਿਸੇ ਨੇ ਬਾਹਰ ਲਹਿਰਾਇਆ ਹੋ ਸਕਦਾ ਹੈ। ਇਸ ਦੀ ਸਿਰਫ਼ ਵੀਡੀਓ ਹੀ ਮਿਲੀ ਹੈ। ਇਹ ਵੀਡੀਓ ਕਦੋਂ ਦੀ ਹੈ, ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ।
ਗਿੱਦੜਬਾਹਾ (ਪੱਤਰ ਪ੍ਰੇਰਕ): ਇਥੋਂ ਨੇੜਲੇ ਪਿੰਡ ਹੁਸਨਪੁਰ ਦੀ ਵਿਵਾਦਤ ਜ਼ਮੀਨ ’ਤੇ 15 ਅਗਸਤ ਨੂੰ ਖਾਲਿਸਤਾਨੀ ਝੰਡਾ ਲਹਿਰਾਉਣ ਦੇ ਮਾਮਲੇ ਵਿੱਚ ਗਿੱਦੜਬਾਹਾ ਪੁਲੀਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਐੱਸਪੀ (ਡੀ) ਰਾਜਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਹੁਸਨਰ ਦੇ ਜਸਵੀਰ ਸਿੰਘ ਅਤੇ ਰਾਜਵੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਪੁੱਛਗਿੱਛ ਕਰਕੇ ਬਾਕੀ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਖ਼ਾਲਿਸਤਾਨੀ ਝੰਡਾ ਝੁਲਾਉਣ ਵਾਲੇ ਮੁਲਜ਼ਮਾਂ ਦਾ 5 ਰੋਜ਼ਾ ਪੁਲੀਸ ਰਿਮਾਂਡ
ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਜ਼ਿਲ੍ਹਾ ਸਕੱਤਰੇਤ ਦੀ ਇਮਾਰਤ ਉੱਤੇ ਖ਼ਾਲਿਸਤਾਨੀ ਝੰਡਾ ਝੁਲਾਉਣ ਅਤੇ ਤਿਰੰਗੇ ਦੀ ਬੇਅਦਬੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਦੋਵਾਂ ਮੁਲਜ਼ਮਾਂ ਨੂੰ ਅੱਜ ਦੁਪਹਿਰ ਮਗਰੋਂ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲੀਸ ਨੇ ਅਦਾਲਤ ਵਿਚ ਅਰਜ਼ੀ ਦਾਖ਼ਲ ਕਰ ਕੇ 14 ਦਿਨਾਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ 5 ਰੋਜ਼ਾ ਪੁਲੀਸ ਰਿਮਾਂਡ ਮਨਜ਼ੂਰ ਕੀਤਾ। ਇਨ੍ਹਾਂ ਵਿਚੋਂ ਇਕ ਮੁਲਜ਼ਮ ਜਿਸ ਦਾ ਪਹਿਲੀ ਅਕਤੂਬਰ ਨੂੰ ਵਿਆਹ ਹੋਣਾ ਸੀ, ਦਾ ਰਿਸ਼ਤਾ ਟੁੱਟ ਗਿਆ ਹੈ। ਸੁਪਰਡੈਂਟ ਆਫ਼ ਪੁਲੀਸ (ਜਾਂਚ) ਜਗਤਪ੍ਰੀਤ ਸਿੰਘ ਨੇ ਕਿਹਾ ਕਿ ਪੁਲੀਸ ਰਿਮਾਂਡ ਦੌਰਾਨ ਦੋਵਾਂ ਮੁਲਜ਼ਮਾਂ ਕੋਲੋਂ ਪੁੱਛ-ਪੜਤਾਲ ਕੀਤੀ ਜਾਵੇਗੀ। ਦੋਵਾਂ ਮੁਲਜ਼ਮਾਂ ਇੰਦਰਜੀਤ ਸਿੰਘ ਗਿੱਲ (31) ਅਤੇ ਜਸਪਾਲ ਸਿੰਘ ਉਰਫ਼ ਰਿੰਪਾ (27) ਨੂੰ ਸ਼ਨਿਚਰਵਾਰ ਸਵੇਰੇ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਕਾਬੂ ਕੀਤਾ ਸੀ। ਦਿੱਲੀ ਪੁਲੀਸ ਮੁਤਾਬਕ ਮੁਲਜ਼ਮ ਨੇਪਾਲ ਰਸਤੇ ਪਾਕਿਸਤਾਨ ਜਾਣ ਦੀ ਤਿਆਰੀ ਵਿਚ ਸਨ। ਪੁਲੀਸ ਹਿਰਾਸਤ ਦੌਰਾਨ ਮੁਲਜ਼ਮ ਇੰਦਰਜੀਤ ਨੇ ਕਿਹਾ ਕਿ ਉਹ ਸਿੱਖਸ ਫ਼ਾਰ ਜਸਟਿਸ (ਐੱਸਐੱਫਜੇ) ਚੈਨਲ ਤੋਂ 14, 15 ਤੇ 16 ਅਗਸਤ ਨੂੰ ਭਾਰਤ ’ਚ ਖਾਲਿਸਤਾਨ ਦਾ ਝੰਡਾ ਝੁਲਾਉਣ ਵਾਲਿਆਂ ਨੂੰ ਕੀਤੀ ਗਈ ਡਾਲਰਾਂ ਦੀ ਪੇਸ਼ਕਸ਼ ਸੁਣ ਕੇ ਲਾਲਚ ’ਚ ਆ ਗਿਆ ਸੀ। ਖਾਲਿਸਤਾਨ ਦਾ ਝੰਡਾ ਝੁਲਾਉਣ ਬਾਅਦ ਉਨ੍ਹਾਂ ਰਾਣਾ ਨਾਮ ਦੇ ਐੱਸਐੱਫਜੇ ਆਗੂ ਨੂੰ ਵੀਡੀਓ ਭੇਜ ਦਿੱਤੀ। ਮੁਲਜ਼ਮ ਜਸਪਾਲ ਸਿੰਘ ਦਾ ਪਹਿਲੀ ਅਕਤੂਬਰ ਨੂੰ ਵਿਆਹ ਹੋਣਾ ਸੀ ਪਰ ਹੁਣ ਉਸ ਦਾ ਰਿਸ਼ਤਾ ਟੁੱਟ ਗਿਆ ਹੈ। ਦੋਵਾਂ ਦੇ ਪਰਿਵਾਰਾਂ ਨੇ ਮੰਗ ਕੀਤੀ ਕਿ ਵਿਦੇਸ਼ ’ਚੋਂ ਨੌਜਵਾਨਾਂ ਨੂੰ ਭੜਕਾਉਣ ਵਾਲੇ ਗੁਰਪਤਵੰਤ ਸਿੰਘ ਪੰਨੂ ਦੀ ਵੀ ਗ੍ਰਿਫ਼ਤਾਰੀ ਕੀਤੀ ਜਾਵੇ।