ਬਲਜੀਤ ਸਿੰਘ
ਸਰਦੂਲਗੜ੍ਹ, 1 ਅਗਸਤ
ਹਲਕਾ ਸਰਦੂਲਗੜ੍ਹ ਦੇ ਪਿੰਡ ਫੂਸ ਮੰਡੀ ਢਾਣੀ ਵਿਖੇ ਗਰੀਬ ਆਜੜੀ ਪਰਿਵਾਰ ਦੇ ਦੀਆਂ 80 ਭੇਡਾਂ ਅਤੇ ਬੱਕਰੀਆਂ ਆਵਾਰਾ ਕੁੱਤਿਆਂ ਵੱਲੋਂ ਮਾਰ ਦਿੱਤੀਆਂ ਗਈਆਂ।ਬੂਟਾ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਫੂਸ ਮੰਡੀ ਢਾਣੀ ਨੇ ਦੱਸਿਆ ਕਿ ਲੰਘੀ ਰਾਤ ਆਵਾਰਾ ਕੁੱਤਿਆਂ ਨੇ ਉਸ ਦੇ ਭੇਡਾਂ ਵਾਲੇ ਵਾੜੇ ਅੰਦਰ ਦਾਖਲ ਹੋ ਕੇ ਸਾਰੀਆਂ 80 ਦੇ ਕਰੀਬ ਭੇਡਾਂ-ਬੱਕਰੀਆਂ ਨੂੰ ਮਾਰ ਦਿੱਤਾ। ਜਦ ਬੂਟਾ ਸਿੰਘ ਅੱਜ ਸਵੇਰੇ ਚਾਰ ਵਜੇ ਆਪਣੇ ਵਾੜੇ ਵਿੱਚ ਆਇਆ ਤਾਂ ਉਸ ਨੇ ਅਵਾਰਾ ਕੁੱਤਿਆਂ ਵੱਲੋਂ ਸਾਰੀਆਂ ਹੀ ਭੇਡਾਂ-ਬੱਕਰੀਆਂ ਨੂੰ ਮਾਰਿਆ ਹੋਇਆ ਵੇਖਿਆ ਤੇ ਜਿਨ੍ਹਾਂ ਵਿੱਚੋਂ ਕੁਝ ਭੇਡਾਂ ਅਤੇ ਬੱਕਰੀਆਂ ਨੂੰ ਕੁੱਤਿਆਂ ਵੱਲੋਂ ਨੋਚ ਨੋਚ ਕੇ ਖਾਧਾ ਜਾ ਚੁੱਕਿਆ ਸੀ। ਇਸ ਮੌਕੇ ਭਰੇ ਮਨ ਨਾਲ ਬੂਟਾ ਸਿੰਘ ਨੇ ਦੱਸਿਆ ਕਿ ਉਸ ਕੋਲ 80 ਦੇ ਕਰੀਬ ਭੇਡਾਂ ਤੇ ਬੱਕਰੀਆਂ ਸਨ ਜਿਨ੍ਹਾਂ ਵਿੱਚੋਂ ਕੁਝ ਹੋਰ ਲੋਕਾਂ ਨੇ ਉਨ੍ਹਾਂ ਨੂੰ ਹਿੱਸੇ ਤੇ ਦਿੱਤੀਆਂ ਹੋਈਆਂ ਸਨ ਪਰ ਲੰਘੀ ਰਾਤ ਆਵਾਰਾ ਕੁੱਤਿਆਂ ਵੱਲੋਂ ਸਾਰੀਆਂ ਹੀ ਭੇਡਾਂ ਤੇ ਬੱਕਰੀਆਂ ਨੂੰ ਮਾਰੇ ਜਾਣ ਕਾਰਨ ਉਸ ਦਾ ਤਕਰੀਬਨ ਪੰਜ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਮੌਕੇ ਪਿੰਡ ਦੇ ਮੌਜੂਦਾ ਸਰਪੰਚ ਬਲਜਿੰਦਰ ਸਿੰਘ, ਮੀਰਪੁਰ ਖੁਰਦ ਦੇ ਸਰਪੰਚ ਜਗਸੀਰ ਸਿੰਘ ਜੱਗਾ, ਆਪ ਆਗੂ ਸੁਖਵਿੰਦਰ ਸਿੰਘ ਭੋਲਾ ਮਾਨ, ਆਪ ਆਗੂ ਨੇਮ ਚੰਦ ਚੌਧਰੀ ਨੇ ਡਿਪਟੀ ਕਮਿਸ਼ਨਰ ਮਾਨਸਾ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਵੱਧ ਰਹੇ ਅਵਾਰਾ ਕੁੱਤਿਆਂ ਦਾ ਹੱਲ ਕੀਤਾ ਜਾਵੇ ਅਤੇ ਇਸ ਗਰੀਬ ਪਰਿਵਾਰ ਦੇ ਹੋਏ ਨੁਕਸਾਨ ਦੀ ਪ੍ਰਸ਼ਾਸਨ ਵੱਲੋਂ ਤੁਰੰਤ ਭਰਭਾਈ ਕਰਵਾਈ ਜਾਵੇ ਤਾਂ ਕਿ ਗਰੀਬ ਪਰਿਵਾਰ ਨੂੰ ਸਹਾਰਾ ਮਿਲ ਸਕੇ।